ਚੰਡੀਗੜ੍ਹ: ਸੈਕਟਰ -9 ਸਥਿਤ ਇੱਕ ਫਾਰਮਾ ਕੰਪਨੀ ਨੇਕਟਰ ਲਾਈਫ ਸਾਇੰਸ ਦੇ ਦਫਤਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਜਾਰੀ ਹੈ। ਇਨਕਮ ਟੈਕਸ ਵਿਭਾਗ ਦੀ ਇਹ ਛਾਪੇਮਾਰੀ 12 ਦਸੰਬਰ ਨੂੰ ਸਵੇਰੇ 4.30 ਵਜੇ ਕੀਤੀ ਗਈ।
ਇਨਕਮ ਟੈਕਸ ਵਿਭਾਗ ਨੂੰ ਹੁਣ ਤੱਕ ਕੰਪਨੀ ਦੇ ਮਾਲਕ ਨਾਲ ਸਬੰਧਤ ਕਰੋੜਾਂ ਰੁਪਏ ਦੀ ਬੇਨਾਮੀ ਜਾਇਦਾਦ ਪ੍ਰਾਪਤ ਹੋਈ ਹੈ। ਟੀਮ ਨੂੰ ਕੰਪਨੀ ਦੇ ਦਫ਼ਤਰ ਅਤੇ ਘਰ ਤੋਂ ਚਾਰ ਕਰੋੜ ਰੁਪਏ ਦੀ ਨਕਦੀ, ਕਰੀਬ ਦੋ ਕਰੋੜ ਰੁਪਏ ਦੇ ਗਹਿਣੇ ਅਤੇ ਕਰੋੜਾਂ ਰੁਪਏ ਦੀ ਜ਼ਮੀਨ ਦੇ ਕਾਗਜ਼ਾਤ ਜ਼ਬਤ ਕੀਤੇ ਹਨ।
ਇਸ ਨੂੰ ਆਮਦਨ ਕਰ ਵਿਭਾਗ ਦੇ ਪ੍ਰਮੁੱਖ ਨਿਰਦੇਸ਼ਕ ਐਲ ਕੇ ਅਗਰਵਾਲ ਦੇ ਨਾਲ ਜੁਆਇੰਟ ਡਾਇਰੈਕਟਰ ਅੰਕੁਰ ਬਾਲੀਆ ਦੀ ਅਗਵਾਈ ਹੇਠ ਇਸ ਛਾਪੇਮਾਰੀ ਨੂੰ ਅੰਜਾਮ ਦਿੱਤਾ ਗਿਆ ਹੈ। ਕੰਪਨੀ ਦੇ ਮਾਲਕ ਸੰਜੀਵ ਗੋਇਲ ਦਾ ਘਰ ਵੀ ਸੈਕਟਰ-9 ਵਿੱਚ ਸਥਿਤ ਹੈ।
ਆਮਦਨ ਕਰ ਵਿਭਾਗ ਦੇ ਭਰੋਸੇਮੰਦ ਸੂਤਰਾਂ ਦੇ ਅਨੁਸਾਰ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ 112 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਦੇ ਮਾਮਲੇ ਵਿੱਚ ਇਸ ਛਾਪੇਮਾਰੀ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਵਿੱਚ ਕੰਪਨੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵੀ ਦਿੱਲੀ ਤੇ ਮੁੰਬਈ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।