ਚੰਡੀਗੜ੍ਹ:ਇਸੇਵਾਲ ਗੈਂਗ ਰੇਪ ਪੀੜਿਤਾਂ ਨੇ ਲੁਧਿਆਣਾ ਦੀ ਸਪੈਸ਼ਲ ਫਾਸਟ ਟਰੈਕ ਕੋਰਟ ਵਿੱਚ ਚੱਲ ਰਹੀ ਹੌਲੀ ਸੁਣਵਾਈ ਦੇ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖ ਜਲਦ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ।
ਪੱਤਰ ਵਿੱਚ ਸੁਪਰੀਮ ਕੋਰਟ ਦੁਆਰਾ ਟ੍ਰਾਇਲ ਕੋਰਟ ਨੂੰ ਮੁਕੱਦਮਾ ਜਲਦ ਖਤਮ ਕਰਨ ਦੇ ਲਈ 12 ਫਰਵਰੀ 2021 ਨੂੰ ਦਿੱਤੇ ਗਏ ਆਦੇਸ਼ ਲਾਗੂ ਕਰਵਾਉਣ ਦੀ ਮੰਗ ਕੀਤੀ ਹੈ। ਪੀੜਤਾ ਦਾ ਆਰੋਪ ਹੈ ਕਿ ਟਰਾਇਲ ਕੋਰਟ ਨੇ ਬਿਨਾਂ ਕਿਸੇ ਵਿਸ਼ੇਸ਼ ਕਾਰਨ ਦੇ ਮਈ ਮਹੀਨੇ ਤੋਂ ਜੁਲਾਈ ਤੱਕ ਮੁਕੱਦਮੇ ਦੀ ਸੁਣਵਾਈ ਨਹੀਂ ਕੀਤੀ ਅਤੇ ਸੁਪਰੀਮ ਕੋਰਟ ਦੇ ਆਦੇਸ਼ ਦਾ ਪਾਲਣ ਵੀ ਨਹੀਂ ਕੀਤਾ।
ਪੀੜਤਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਅਪੀਲ ਕੀਤੀ ਕਿ ਉਹ ਟ੍ਰਾਇਲ ਕੋਰਟ ਨੂੰ ਹਰ ਰੋਜ਼ ਸੁਣਵਾਈ ਕਰਨ ਅਤੇ ਜਲਦ ਕੇਸ ਦਾ ਨਿਪਟਾਰਾ ਕਰਨ ਦੇ ਆਦੇਸ਼ ਜਾਰੀ ਕਰਨ।
ਜ਼ਿਕਰਯੋਗ ਹੈ ਕਿ ਮੁਕੱਦਮੇ ਦੇ ਮੁੱਖ ਆਰੋਪੀ ਜਗਰੂਪ ਸਿੰਘ ਰੂਪੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਡੀਲੇ ਇਨ ਕੰਪਲੀਸ਼ਨ ਆਫ ਟਰਾਇਲ ਗਰਾਊਂਡ ਤੇ 22 ਦਸੰਬਰ 2020 ਨੂੰ ਪੱਕੀ ਜ਼ਮਾਨਤ ਦੇ ਦਿੱਤੀ ਸੀ ।ਜਿਸ ਤੋਂ ਬਾਅਦ ਉਸ ਦੇ ਦੋਸਤ ਅਤੇ ਮੁੱਖ ਗਵਾਹ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ। ਪੀੜਤਾ ਦੇ ਮੁਤਾਬਿਕ ਉਸਦੇ ਪਿਤਾ ਦੀ ਮੌਤ ਬਚਪਨ ਦੇ ਵਿੱਚ ਹੋ ਗਈ ਸੀ ਉਹ ਆਪਣੀ ਬੀਮਾਰ ਮਾਂ ਦੀ ਕੱਲੀ ਸਹਾਰਾ ਹੈ।
ਆਰੋਪੀ ਅਤੇ ਉਸ ਦੇ ਦੋਸਤ ਤੇ ਰਿਸ਼ਤੇਦਾਰ ਉਸ ਨੂੰ ਲਗਾਤਾਰ ਮੁਕੱਦਮਾ ਵਾਪਸ ਲੈਣ ਦੇ ਲਈ ਧਮਕਾ ਰਹੇ ਹਨ। ਉਸ ਨੂੰ ਕਰੋੜਾਂ ਰੁਪਿਆਂ ਦਾ ਲਾਲਚ ਵੀ ਦਿੱਤਾ ਜਾਂਦਾ ਹੈ।ਉਸ ਦਾ ਕਹਿਣਾ ਸੀ ਕਿ ਮੁੱਖ ਆਰੋਪੀ ਦੇ ਜ਼ਮਾਨਤ ਤੇ ਬਾਹਰ ਆ ਜਾਣ ਤੋਂ ਉਸਦੀ ਜਾਨ ਨੂੰ ਖਤਰਾ ਹੋਰ ਵਧ ਗਿਆ ਹੈ।
ਮੁਕੱਦਮੇ ਵਿਚ ਨਾਮਜ਼ਦ ਹੋਰ ਆਰੋਪੀਆਂ ਦੀ ਜ਼ਮਾਨਤ ਪਟੀਸ਼ਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਤੇ 17 ਜੁਲਾਈ ਨੂੰ ਸੁਣਵਾਈ ਹੋਣੀ ਹੈ। ਪੀੜਤਾ ਦਾ ਕਹਿਣਾ ਹੈ ਕਿ ਹੁਣ ਸਿਰਫ਼ ਸੱਤ ਗਵਾਹਾਂ ਦੀ ਗਵਾਹੀ ਬਾਕੀ ਹੈ। ਜਿਸ ਨੂੰ ਹਰ ਰੋਜ਼ ਸੁਣ ਕੇ ਮੁਕੰਮਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ :-Cabinet Portfolios : ਅਨੁਰਾਗ ਠਾਕੁਰ ਨੂੰ ਸੂਚਨਾ ਪ੍ਰਸ਼ਾਰਨ, ਧਰਮਿੰਦਰ ਪ੍ਰਧਾਨ ਨੂੰ ਸਿੱਖਿਆ ਵਿਭਾਗ