ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਪੰਜਾਬ ਦੀ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਸੀਐਮ ਚਿਹਰੇ ਦਾ ਉਮੀਦਵਾਰ ਐਲਾਨ ਦਿੱਤਾ ਹੈ। ਉਨ੍ਹਾਂ ਦੇ ਉਮੀਦਵਾਰ ਐਲਾਨ ਤੋਂ ਬਾਅਦ ਆਪ ਵਰਕਰਾਂ ਅਤੇ ਆਗੂਆਂ ਵਿਚਕਾਰ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸੇ ਦੇ ਚੱਲਦੇ ਈਟੀਵੀ ਭਾਰਤ ਦੀ ਟੀਮ ਵੱਲੋਂ ਭਗਵੰਤ ਮਾਨ ਦੀ ਮਾਤਾ ਨਾਲ ਅਹਿਮ ਗੱਲਬਾਤ ਕੀਤੀ ਗਈ ਹੈ।
ਕੇਜਰੀਵਾਲ ਤੇ ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨਣ ਦਾ ਪਹਿਲਾਂ ਤੋਂ ਸੀ ਯਕੀਨ
ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਸੀਐਮ ਚਿਹਰੇ ਦੇ ਐਲਾਨ ਨੂੰ ਲੈਕੇ ਖੁਸ਼ੀ ਜ਼ਾਹਿਰ ਕੀਤੀ ਹੈ। ਇਸ ਮੌਕੇ ਉਨ੍ਹਾਂ ਭਗਵੰਤ ਮਾਨ ਦੇ ਜੀਵਨ ਦੀਆਂ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ। ਹਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਉੱਪਰ ਵਿਸ਼ਵਾਸ ਸੀ ਕਿ ਭਗਵੰਤ ਮਾਨ ਨੂੰ ਹੀ ਸੀਐਮ ਚਿਹਰਾ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਉਹ ਭਗਵੰਤ ਨੂੰ ਸੀਐਮ ਚਿਹਰਾ ਬਣਾਵੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਇਕੱਲੇ ਦੀ ਲੜਾਈ ਨਹੀਂ ਹੈ ਸਗੋਂ ਪੂਰੇ ਪੰਜਾਬ ਦੀ ਲੜਾਈ ਹੈ ਅਤੇ ਸਾਰੇ ਲੋਕ ਉਸਦਾ ਸਾਥ ਦੇਣਗੇ।
ਭਗਵੰਤ ਮਾਨ ਦੇ ਪੜ੍ਹਾਈ ਤੋਂ ਰਾਜਨੀਤੀ ਤੱਕ ਦੇ ਸਫਰ ਬਾਰੇ ਦਿੱਤੀ ਜਾਣਕਾਰੀ
ਭਗਵੰਤ ਮਾਨ ਦੀ ਮਾਤਾ ਨੇ ਸੀਐਮ ਚਿਹਰੇ ਦੇ ਐਲਾਨ ਨੂੰ ਲੈਕੇ ਪ੍ਰਮਾਤਮਾ ਦਾ ਸ਼ੁੱਕਰਾਨਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਭਵਗੰਤ ਮਾਨ ਨਾਲ ਘਰ ਵਿੱਚ ਹਰ ਮਸਲੇ ਸਬੰਧੀ ਗੱਲਬਾਤ ਕਰਦੇ ਹਨ ਅਤੇ ਸਹੀ ਸਲਾਹ ਵੀ ਉਨ੍ਹਾਂ ਨੂੰ ਦਿੰਦੇ ਰਹਿੰਦੇ ਹਨ। ਇਸ ਦੌਰਾਨ ਉਨ੍ਹਾਂ ਭਗਵੰਤ ਮਾਨ ਦੇ ਜੀਵਨ ਬਾਰੇ ਕਈ ਅਹਿਮ ਗੱਲਾਂ ਦੱਸੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਭਗਵੰਤ ਨੇ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਉਹ ਕਲਾਕਾਰੀ ਵਿੱਚ ਪੈ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਰਾਜਨੀਤੀ ਵਿੱਚ ਆਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਭਗਵੰਤ ਮਾਨ ਨੂੰ ਰਾਜਨੀਤੀ ਵਿੱਚ ਆਉਣ ਤੋਂ ਕਦੇ ਨਹੀਂ ਰੋਕਿਆ ਅਤੇ ਹਮੇਸ਼ਾ ਅੱਗੇ ਵਧਣ ਦੀ ਗੱਲ ਕਹੀ ਹੈ ਜਿਸ ਕਰਕੇ ਪ੍ਰਮਾਤਮਾ ਨੇ ਉਨ੍ਹਾਂ ਨੂੰ ਤਰੱਕੀ ਦਿੱਤੀ ਹੈ।
ਲੋਕਾਂ ਦੇ ਕੰਮ ਮੈਂ ਖੁਦ ਵੀ ਕਰਵਾ ਦਿੰਦੀ ਹਾਂ-ਹਰਪਾਲ ਕੌਰ
ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਦੇ ਛੋਟੇ ਮੋਟੇ ਕੰਮ ਉਹ ਭਗਵੰਤ ਮਾਨ ਦੀ ਗੈਰ ਮੌਜ਼ੂਦਗੀ ਵਿੱਚ ਆਪ ਹੀ ਕਰਵਾ ਦਿੰਦੇ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਦੋਂ ਵੀ ਭਗਵੰਤ ਮਾਨ ’ਤੇ ਕੋਈ ਮੁਸ਼ਕਿਲ ਸਮਾਂ ਆਇਆ ਉਨ੍ਹਾਂ ਨੇ ਉਸਨੂੰ ਹੌਸਲਾ ਦਿੱਤਾ ਹੈ।
'ਭਗਵੰਤ ਮਾਨ ਹਮੇਸ਼ਾ ਹੱਸਦਾ ਰਹਿੰਦੈ'
ਹਰਪਾਲ ਕੌਰ ਨੇ ਦੱਸਿਆ ਕਿ ਭਗਵੰਤ ਮਾਨ ਘਰ ਵਿੱਚ ਵੀ ਹਮੇਸ਼ਾ ਹੱਸਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਰਾਜਨੀਤੀ ਨੇ ਉਨ੍ਹਾਂ ਦੇ ਨਿੱਜੀ ਜੀਵਨ ’ਤੇ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਾਇਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਲਈ ਆਮ ਆਦਮੀ ਪਾਰਟੀ ਹੀ ਸਹੀ ਹੈ ਅਤੇ ਉਹ ਹੋਰ ਕਿਸੇ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸੁਧਾਰਨ ਦੇ ਲਈ ਪਹਿਲਾਂ ਦੋ ਚੀਜ਼ਾਂ ਸਿਹਤ ਅਤੇ ਸਿੱਖਿਆ ਉੱਪਰ ਕੰਮ ਕਰਨਾ ਜ਼ਰੂਰੀ ਹੈ ਤਾਂ ਪੰਜਾਬ ਨੂੰ ਸ਼ੁੱਧ ਬਣਾਇਆ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਪੰਜਾਬ ਨੂੰ ਲੁੱਟਣ ਵਾਲੇ ਲੀਡਰਾਂ ਉੱਪਰ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ: ਪੰਜਾਬ ’ਚ AAP ਦਾ ਦੂਜਾ ਨਾਮ ਹੈ ਭਗਵੰਤ ਮਾਨ, ਇਹਨਾਂ ਕਾਰਨਾਂ ਕਰਕੇ ਬਣਾਇਆ CM ਉਮੀਦਵਾਰ