ਚੰਡੀਗੜ੍ਹ:ਕਿਸਾਨ ਅੰਦੋਲਨ ਦਾ ਅਸਰ ਪੰਜਾਬ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਸੂਬੇ 'ਚ ਲਗਾਤਾਰ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਹੈ। ਬੀਤੇ ਦਿਨੀਂ ਪੰਜਾਬ ਭਾਜਪਾ ਦੇ ਲੀਡਰਾਂ 'ਤੇ ਹੋ ਰਹੇ ਹਮਲੇ ਨੂੰ ਲੈ ਭਾਜਪਾ ਵਫ਼ਦ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਪ੍ਰਧਾਨ ਤੇ ਭਾਜਪਾ ਆਗੂ ਵਿਜੇ ਸਾਂਪਲਾ ਸਣੇ ਕਈ ਆਗੂ ਮੌਜੂਦ ਰਹੇ।
ਭਾਜਪਾ 'ਤੇ ਹਮਲੇ ਦੀ ਜ਼ਿੰਮੇਵਾਰ ਹੋਣਗੇ ਡੀਜੀਪੀ
ਭਾਜਪਾ ਵਫ਼ਦ ਦੀ ਡੀਜੀਪੀ ਨਾਲ ਮੁਲਾਕਾਤ ਤੋਂ ਬਾਅਦ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਆਗੂ ਵਿਜੇ ਸਾਂਪਲਾ ਨੇ ਕਿਹਾ ਕਿ ਭਾਜਪਾ ਵਫ਼ਦ ਵੱਲੋਂ ਡੀਜੀਪੀ ਨੂੰ ਚੇਤਾਵਨੀ ਦਿੱਤੀ ਗਈ ਹੈ। ਜੇਕਰ ਭਵਿੱਖ 'ਚ ਭਾਜਪਾ ਦੇ ਲੀਡਰਾਂ 'ਤੇ ਪ੍ਰੋਗਰਾਮਾਂ ਦੌਰਾਨ ਕਿਸੇ ਵੀ ਤਰ੍ਹਾਂ ਦਾ ਹਮਲਾ ਜਾਂ ਕਾਨੂੰਨੀ ਵਿਵਸਥਾ ਦੀ ਉਲੰਘਣਾ ਹੁੰਦੀ ਹੈ ਤਾਂ ਇਸ ਲਈ ਡੀਜੀਪੀ ਜ਼ਿੰਮੇਵਾਰ ਹੋਣਗੇ। ਸਾਂਪਲਾ ਨੇ ਕਿਹਾ ਕਿ ਜੇਕਰ ਪੁਲਿਸ ਦੀ ਮੌਜੂਦਗੀ 'ਚ ਲੀਡਰਾਂ 'ਤੇ ਹਮਲੇ ਹੁੰਦੇ ਹਨ ਤਾਂ ਇਹ ਸੂਬੇ ਦੀ ਖ਼ਰਾਬ ਕਾਨੂੰਨ ਵਿਵਸਥਾ ਨੂੰ ਦਰਸਾਉਂਦਾ ਹੈ।
ਸਭ ਨੂੰ ਹੈ ਆਪਣੀ ਆਜ਼ਾਦੀ ਦਾ ਹੱਕ
ਸਾਂਪਲਾ ਨੇ ਕਿਹਾ ਕਿਸਾਨਾਂ ਨੂੰ ਅਧਿਕਾਰ ਹੈ ਕਿ ਉਹ ਆਪਣੇ ਹੱਕਾਂ ਲਈ ਅੰਦੋਲਨ ਕਰਨ ਪਰ ਕਿਸੇ ਦੀ ਆਜ਼ਾਦੀ ਖੋਹ ਕੇ ਨਹੀਂ। ਉਨ੍ਹਾਂ ਕਿਹਾ ਕਿ ਡੀਜੀਪੀ ਵੱਲੋਂ ਪੁਲਿਸ ਫੋਰਸ ਲਗਾਏ ਜਾਣ ਦਾ ਭਰੋਸਾ ਦਿੱਤਾ ਗਿਆ ਹੈ,ਪਰ ਪੁਲਿਸ ਦੀ ਮੌਜੂਦਗੀ 'ਚ ਪਾਰਟੀ ਦੇ ਪ੍ਰੋਗਰਾਮਾਂ ਤੇ ਆਗੂਆਂ 'ਤੇ ਹਮਲਾ ਨਿੰਦਣਯੋਗ ਹੈ। ਉਨ੍ਹਾਂ ਆਖਿਆ ਕਿ ਜਿਵੇਂ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਲੜਨ ਦੀ ਆਜ਼ਾਦੀ ਹੈ, ਉਂਝ ਹੀ ਭਾਜਪਾ ਆਗੂਆਂ ਨੂੰ ਵੀ ਆਪਣੇ ਪ੍ਰੋਗਰਾਮ ਕਰਨ ਦੀ ਆਜ਼ਾਦੀ ਹੈ। ਸਭ ਨੂੰ ਹੈ ਆਪਣੀ ਆਜ਼ਾਦੀ ਦਾ ਹੱਕ ਹੈ, ਇਸ ਭਾਜਪਾ ਲੀਡਰਾਂ ਦੀ ਸੁਰੱਖਿਆ ਤੇ ਆਜ਼ਾਦੀ ਸੁਨਸ਼ਚਿਤ ਕੀਤੀ ਜਾਣੀ ਚਾਹੀਦੀ ਹੈ। ਸਾਂਪਲਾ ਨੇ ਕਿਹਾ ਕਿ ਜੇਕਰ ਭਾਜਪਾ ਆਗੂਆਂ ਨੂੰ ਕੁੱਟਣ ਜਾਂ ਮਾਰਨ ਨਾਲ ਮਸਲਾ ਹੱਲ ਹੁੰਦਾ ਹੈ ਤਾਂ ਸਾਨੂੰ ਥਾਂ ਦੱਸ ਦਿੱਤੀ ਜਾਵੇ। ਅਸੀਂ ਉਥੇ ਪਹੁੰਚ ਜਾਵਾਂਗੇ, ਫੇਰ ਭਾਂਵੇ ਸਾਨੂੰ ਗੋਲੀ ਮਾਰ ਕੇ ਮਸਲਾ ਹਲ ਕਰ ਲਵੋ।
ਭਾਜਪਾ ਦੇ ਪ੍ਰੋਗਰਾਮ ਦੌਰਾਨ ਹਮਲਾ
ਭਾਜਪਾ ਵਫ਼ਦ ਨੇ ਡੀਜੀਪੀ ਨਾਲ ਮੀਟਿੰਗ ਤੋਂ ਬਾਅਦ ਡੀਡੀਆਰ ਦੀ ਕਾਪੀ ਵੀ ਹਾਸਲ ਕੀਤੀ, ਜੋ ਕਿ ਬਠਿੰਡਾ ਮਾਮਲੇ ਨਾਲ ਸਬੰਧਤ ਹੈ। ਦੱਸਣਯੋਗ ਹੈ ਕਿ ਬਠਿੰਡਾ 'ਚ ਭਾਜਪਾ ਦੇ ਪ੍ਰੋਗਰਾਮ ਦੌਰਾਨ ਪੁਲਿਸ ਵੱਲੋਂ ਕਿਸਾਨਾਂ ਦੇ ਹਮਲੇ ਕਾਰਨ ਭਗਦੜ ਮੱਚ ਗਈ ਸੀ। ਉਨ੍ਹਾਂ ਕਿਹਾ ਕਿ ਅਸੀਂ ਹਮਲਾ ਕਰਨ ਵਾਲਿਆਂ ਦੇ ਨਾਮ ਦੱਸ ਕੇ ਪਰਚਾ ਦਰਜ ਕਰਨ ਵਾਸਤੇ ਕਿਹਾ ਸੀ ਉਹ ਨਹੀਂ ਕੀਤਾ ਗਿਆ। ਵਿਜੇ ਸਾਂਪਲਾ ਨੇ ਕਿਹਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਪੁਲਿਸ ਦਾ ਕੰਮ ਹੈ।