ਚੰਡੀਗੜ੍ਹ: ਅੰਮ੍ਰਿਤਸਰ ਤੋਂ ਸਾਈਕਲ ਯਾਤਰਾ ਕਰਦੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਤੇ ਸਰਪ੍ਰਸਤ ਬਲਵਿੰਦਰ ਬੈਂਸ ਚੰਡੀਗੜ੍ਹ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲ ਖ਼ਿਲਾਫ਼ ਓਐਸਡੀ ਨੂੰ ਮੰਗ ਪੱਤਰ ਸੌਂਪਿਆ।
ਮੁੱਖ ਮੰਤਰੀ ਖ਼ਿਲਾਫ਼ ਭੜਾਸ ਕੱਢਦਿਆਂ ਬੈਸ ਨੇ ਇਹ ਵੀ ਐਲਾਨ ਕੀਤਾ ਕਿ ਜੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਅੱਗੇ ਵੀ ਧਰਨਾ ਲਗਾਉਣਾ ਪਿਆ ਤਾਂ ਉਹ ਲਗਾਉਣਗੇ।
ਇਸ ਦੌਰਾਨ ਬੈਂਸ ਨੇ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਖ਼ਰੀਦਣ ਲਈ ਇਹ ਪਲੈਨਿੰਗ ਕੀਤੀ ਜਾ ਰਹੀ ਹੈ ਜਿਵੇਂ 1800 ਮੁੱਲ ਵਾਲੀ ਮੱਕੀ 600 ਰੁਪਏ ਵਿਕੀ ਹੈ, ਉਸ ਤਰ੍ਹਾਂ ਆਉਣ ਵਾਲੇ ਦਿਨਾਂ ਚ ਝੋਨੇ ਤੇ ਕਣਕ ਦਾ ਵੀ ਇਹੀ ਹਾਲ ਹੋ ਜਾਣਾ ਹੈ।
ਬੈਂਸ ਨੇ ਹਰਸਿਮਰਤ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੱਕੀ ਦੀ ਫ਼ਸਲ ਦਾ ਘੱਟੋ-ਘੱਟ ਸਮਰਥਣ ਮੁੱਲ ਕਿਸਾਨਾਂ ਨੂੰ ਪੂਰਾ ਦਵਾਉਣ ਲਈ ਕਿਸਾਨਾਂ ਦੇ ‘ਹਿਤੈਸ਼ੀ’ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਵਾਕ ਆਊਟ ਕਿਉਂ ਨਹੀਂ ਕੀਤਾ। ਇਸ ਮੌਕੇ ਬੈਂਸ ਨੇ ਸਖ਼ਤ ਰਵੱਈਏ ਵਿੱਚ ਕਿਹਾ ਕਿ ਜੇ ਕਾਨੂੰਨ ਪਾਸ ਹੋ ਗਿਆ ਤਾਂ ਸੂਬੇ ‘ਚ ਰੇਲ ਲਾਇਨਾਂ ਪੱਟ ਦਿੱਤੀਆਂ ਜਾਣਗੀਆਂ।