ਚੰਡੀਗੜ੍ਹ: ਪ੍ਰਸਿੱਧ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ, ਜਿਨ੍ਹਾਂ ਦਾ ਸੋਮਵਾਰ ਸਵੇਰੇ ਇੱਕ ਨਿੱਜੀ ਹਸਪਤਾਲ ਵਿਖੇ ਦੇਹਾਂਤ ਹੋਇਆ ਸੀ, ਦਾ ਸੈਕਟਰ 25 ਦੇ ਇਲੈਕਟ੍ਰੀਕਲ ਸ਼ਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਸਾਬਕਾ ਓਲੰਪੀਅਨ 96 ਸਾਲਾਂ ਦੇ ਸਨ ਅਤੇ ਕਰੀਬ 14 ਦਿਨਾਂ ਤੋਂ ਉਨ੍ਹਾਂ ਦੀ ਹਾਲਤ ਗੰਭੀਰ ਸੀ। ਸਭ ਤੋਂ ਉੱਤਮ ਫਾਰਵਰਡ ਮੰਨੇ ਜਾਂਦੇ ਬਲਬੀਰ ਸੀਨੀਅਰ ਦਾ ਫੋਰਟਿਸ ਮੋਹਾਲੀ ਵਿਖੇ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ 8 ਮਈ ਨੂੰ ਤੇਜ਼ ਬੁਖਾਰ ਅਤੇ ਸਾਹ ਦੀ ਮੁਸ਼ਕਲ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਪਰ ਉਨ੍ਹਾਂ ਦਾ ਕੋਵਿਡ-19 ਟੈਸਟ ਨਕਾਰਾਤਮਕ ਆਇਆ ਸੀ।
ਬਲਬੀਰ ਸਿੰਘ ਸੀਨੀਅਰ ਦੋ ਹਫ਼ਤਿਆਂ ਤੋਂ ਵੱਧ ਉਮਰ ਨਾਲ ਸਬੰਧਤ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਸਵੇਰੇ 6:17 ਵਜੇ ਆਖਰੀ ਸਾਹ ਲਏ। ਤਿੰਨ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਬਲਬੀਰ ਸਿੰਘ ਆਪਣੇ ਪਿੱਛੇ ਤਿੰਨ ਬੇਟੇ ਅਤੇ ਇੱਕ ਬੇਟੀ ਛੱਡ ਗਏ ਹਨ।
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬਲਬੀਰ ਸੀਨੀਅਰ ਲਈ ਭਾਰਤ ਰਤਨ ਦੀ ਮੰਗ ਕੀਤੀ। ਖੇਡ ਮੰਤਰੀ ਨੇ ਕਿਹਾ, "ਅੱਜ ਅਸੀਂ ਆਪਣੇ ਮਹਾਨ ਖਿਡਾਰੀ ਨੂੰ ਹੀ ਨਹੀਂ ਗੁਆਇਆ, ਬਲਕਿ ਅਸੀਂ ਆਪਣਾ 'ਮਾਰਗ ਦਰਸ਼ਕ ਪ੍ਰਕਾਸ਼' ਵੀ ਗੁਆ ਚੁੱਕੇ ਹਾਂ। ਉਹ ਖੇਡ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਰਹੇ ਅਤੇ ਉਸ ਸਮੇਂ ਹਮੇਸ਼ਾ ਮੌਜੂਦ ਰਹੇ ਜਦੋਂ ਸਾਨੂੰ ਉਨ੍ਹਾਂ ਦੀ ਸਲਾਹ ਦੀ ਜ਼ਰੂਰਤ ਸੀ। ਹਾਕੀ ਨੇ ਆਪਣਾ ਚਮਕਦਾ ਤਾਰਾ ਗੁਆ ਲਿਆ ਹੈ ਅਤੇ ਖੇਡਾਂ ਨਾਲ ਸਬੰਧ ਹਰ ਕੋਈ ਇਹ ਹੈਰਾਨ ਕਰਨ ਵਾਲੀ ਖ਼ਬਰ ਸੁਣ ਕੇ ਦੁਖੀ ਹੈ।"
ਬਲਬੀਰ ਸੀਨੀਅਰ 1948, 1952 ਅਤੇ 1956 ਦੀਆਂ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜੇਤੂ ਅਤੇ ਭਾਰਤੀ ਅਥਲੀਟਾਂ ਵਿੱਚੋਂ ਸਭ ਤੋਂ ਮਹਾਨ ਖਿਡਾਰੀ ਸਨ। ਉਨ੍ਹਾਂ ਨੇ ਭਾਰਤੀ ਟੀਮ ਦੇ ਕੋਚ ਵਜੋਂ ਵੀ ਭੂਮੀਕਾ ਨਿਭਾਈ ਅਤੇ ਉਸ ਟੀਮ ਨੇ 1971 ਦੇ ਵਿਸ਼ਵ ਕੱਪ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਹ 1975 ਦੇ ਵਿਸ਼ਵ ਕੱਪ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਪ੍ਰਬੰਧਕ ਵੀ ਸਨ।
1952 ਦੇ ਹੈਲਸਿੰਕੀ ਓਲੰਪਿਕਸ ਦੇ ਸੋਨ ਤਗਮੇ ਦੇ ਲਈ ਮੈਚ ਵਿੱਚ ਉਨ੍ਹਾਂ ਨੇ ਭਾਰਤ ਦੀ 6-1 ਦੀ ਜਿੱਤ ਵਿੱਚ ਪੰਜ ਗੋਲ ਕੀਤੇ ਸਨ। ਉਨ੍ਹਾਂ ਦੀ ਕਪਤਾਨੀ ਹੇਠ ਭਾਰਤ ਨੇ 38 ਗੋਲ ਕੀਤੇ ਅਤੇ 1956 ਦੇ ਮੈਲਬਰਨ ਓਲੰਪਿਕਸ ਵਿੱਚ ਸੋਨੇ ਦੇ ਤਗ਼ਮੇ ਨੂੰ ਭਾਰਤ ਦੀ ਝੋਲੀ ਪਾਇਆ।