ਚੰਡੀਗੜ੍ਹ: ਅੰਮ੍ਰਿਤਸਰ ਦੇ ਮਾਨਾਂਵਾਲਾ ਪਿੰਡ ਵਿੱਚ ਭਗਵਾਨ ਸ੍ਰੀ ਰਾਮ ਦਾ ਪੁਤਲਾ ਫੂਕਣ ਦੇ ਮਾਮਲੇ ਵਿੱਚ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹਿੰਦੂ ਸੰਗਠਨਾਂ ਵੱਲੋਂ ਸ਼ੁੱਕਰਵਾਰ ਇਥੇ ਕਾਂਗਰਸ ਭਵਨ ਵਿਖੇ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਹਿੰਦੂ ਸੰਗਠਨ ਦੇ ਆਗੂ ਵਿਜੈ ਭਾਰਦਵਾਜ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਦਿੱਲੀ ਵਿਖੇ ਕਿਸਾਨ ਅੰਦੋਲਨ ਦੌਰਾਨ ਫ਼ਿਲਮ ਅਦਾਕਾਰ ਯੋਗਰਾਜ ਸਿੰਘ ਵੱਲੋਂ ਹਿੰਦੂ ਸਮਾਜ ਵਿਰੁੱਧ ਟਿੱਪਣੀਆਂ ਕੀਤੇ ਜਾਣ ਨੂੰ ਲੈ ਕੇ ਕਿਹਾ ਕਿ ਯੋਗਰਾਜ ਸਿੰਘ ਦੇ ਸੈਕਟਰ ਸਤਾਰਾਂ ਸਥਿਤ ਪੈਟਰੋਲ ਪੰਪ ਸਣੇ ਪੰਚਕੂਲਾ ਵਿਖੇ ਉਨ੍ਹਾਂ ਦੇ ਘਰ ਦਾ ਘਿਰਾਓ ਕਰ ਕੇ ਉਸ ਦਾ ਮੂੰਹ ਕਾਲਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਯੋਗਰਾਜ ਵਿਰੁੱਧ ਕਾਰਵਾਈ ਲਈ ਹਿੰਦੂ ਸੰਗਠਨਾਂ ਨੇ ਪੰਜਾਬ, ਹਰਿਆਣਾ ਤੇ ਦਿੱਲੀ ਦੇ ਪੁਲਿਸ ਮੁਖੀ ਨੂੰ ਐਫਆਈਆਰ ਦਰਜ ਕਰਨ ਦੀ ਸ਼ਿਕਾਇਤ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਯੋਗਰਾਜ ਸਿੰਘ ਵੱਲੋਂ ਮੁਆਫ਼ੀ ਮੰਗੇ ਜਾਣ ਦੀ ਖ਼ਬਰ ਆ ਰਹੀ ਹੈ ਪਰ ਅਜਿਹੇ ਅਪਸ਼ਬਦ ਬੋਲਣ ਲਈ ਯੋਗਰਾਜ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ।
ਹਿੰਦੂ ਆਗੂ ਨੇ ਕਿਹਾ ਕਿ ਉਹ ਅੱਜ ਕਾਂਗਰਸ ਭਵਨ ਵਿਖੇ ਸੁਨੀਲ ਜਾਖੜ ਨੂੰ ਅੰਮ੍ਰਿਤਸਰ ਦੇ ਮਾਨਾਂਵਾਲਾ ਪਿੰਡ ਵਿੱਚ ਭਗਵਾਨ ਸ੍ਰੀ ਰਾਮ ਦਾ ਪੁਤਲਾ ਫੂਕਣ ਦੇ ਮਾਮਲੇ ਵਿੱਚ ਮਿਲੇ ਸਨ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਸਾਰੇ ਦੋਸ਼ੀਆਂ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਮੰਗ ਕੀਤੀ ਗਈ, ਜਿਸ ਲਈ ਜਾਖੜ ਨੇ ਭਰੋਸਾ ਦਿਵਾਇਆ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨੂੰ ਡੀਜੀਪੀ ਨਾਲ ਮੁਲਾਕਾਤ ਕਰਕੇ ਮਾਮਲੇ 'ਚ ਛੇਤੀ ਗ੍ਰਿਫ਼ਤਾਰੀਆਂ ਕਰਨ ਲਈ ਕਿਹਾ ਹੈ। ਹਿੰਦੂ ਆਗੂ ਨੇ ਕਿਹਾ ਕਿ ਜੇਕਰ ਪੁਲਿਸ ਦੋਸ਼ੀਆਂ ਦੀ ਛੇਤੀ ਗ੍ਰਿਫ਼ਤਾਰੀ ਨਹੀਂ ਕਰਦੀ ਤਾਂ ਉਹ ਹਿੰਦੂ ਸੰਗਠਨ ਕਾਂਗਰਸ ਸਰਕਾਰ ਖਿਲਾਫ ਹਿੰਦੂ ਸੰਗਠਨ ਮੋਰਚਾ ਖੋਲ੍ਹ ਦੇਣਗੇ ਅਤੇ ਪੁਤਲੇ ਫੂਕੇ ਜਾਣਗੇ।