ਚੰਡੀਗੜ੍ਹ: ਬਹੁ ਚਰਚਿਤ 6 ਹਜ਼ਾਰ ਕਰੋੜ ਦੇ ਭੋਲਾ ਡੱਰਗ ਮਾਮਲੇ (Jagdish Bhola drug racket case) 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦੋ ਜੱਜਾਂ ਵੱਲੋਂ ਖੁਦ ਨੂੰ ਸੁਣਵਾਈ ਤੋਂ ਵੱਖ ਕਰ ਲਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਸਟਿਸ ਏਜੀ ਮਸੀਹ ਅਤੇ ਜਸਟਿਸ ਆਲੋਕ ਕੁਮਾਰ ਇਸ ਸੁਣਵਾਈ ਤੋਂ ਹਟ ਗਏ ਹਨ। ਜਿਸ ਤੋਂ ਬਾਅਦ ਹੁਣ ਚੀਫ ਜਸਟਿਸ ਵੱਲੋਂ ਇਸ ਮਾਮਲੇ ਸਬੰਧੀ ਇੱਕ ਨਵੀਂ ਬੈਂਚ ਤਿਆਰ ਕੀਤੀ ਜਾਵੇਗੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਸੁਣਵਾਈ ਤੋਂ ਵੱਖ ਹੋਣ ’ਤੇ ਜਸਟਿਸ ਆਲੋਕ ਕੁਮਾਰ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੇਂਦਰ ਦੇ ਵਕੀਲ ਰਹੇ ਹਨ। ਇਸ ਕਾਰਨ ਉਹ ਸੁਣਵਾਈ ਤੋਂ ਹਟ ਗਿਆ।
ਡੀਐਸਪੀ ਰਹਿ ਚੁੱਕਿਆ ਹੈ ਭੋਲਾ: ਕਾਬਿਲੇਗੌਰ ਹੈ ਕਿ ਜਗਦੀਸ਼ ਭੋਲਾ ਪੰਜਾਬ ਪੁਲਿਸ ਵਿੱਚ ਡੀਐਸਪੀ ਰਹਿ ਚੁੱਕਿਆ ਹੈ ਅਤੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕਿਆ ਹੈ। ਇਸ ਸਮੇਂ ਉਹ ਮਨੀ ਲਾਂਡਰਿੰਗ ਮਾਮਲੇ ਵਿੱਚ ਛੇ ਸਾਲ ਦੀ ਸਜ਼ਾ ਭੁਗਤ ਰਿਹਾ ਹੈ, ਇਸ ਤੋਂ ਇਲਾਵਾ ਐਨਡੀਪੀਐਸ ਦੇ ਕਈ ਮਾਮਲਿਆਂ ਵਿੱਚ ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਐਫਆਈਆਰ ਦਰਜ ਹੈ ਅਤੇ ਸਜ਼ਾ ਵੀ ਹੋ ਚੁੱਕੀ ਹੈ। ਜਗਦੀਸ਼ ਭੋਲਾ ਨੂੰ ਹੇਠਲੀ ਅਦਾਲਤ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਪਹੁੰਚ ਗਿਆ ਸੀ।
ਮਜੀਠੀਆ ਦਾ ਵੀ ਨਾਂ ਆ ਚੁੱਕਿਆ ਹੈ ਸਾਹਮਣੇ: ਦਰਅਸਲ ਜਗਦੀਸ਼ ਭੋਲਾ ਨੂੰ ਨਸ਼ਿਆਂ ਦਾ ਸੌਦਾਗਰ ਕਿਹਾ ਜਾਂਦਾ ਹੈ। ਆਪਣੀ ਗ੍ਰਿਫਤਾਰੀ ਦੌਰਾਨ ਪੇਸ਼ੀ ’ਤੇ ਆਏ ਜਗਦੀਸ਼ ਭੋਲਾ ਵੱਲੋਂ ਮੀਡੀਆ ਦੇ ਸਾਹਮਣੇ ਬਿਕਰਮ ਮਜੀਠੀਆ ਦਾ ਨਾਂ ਲਿਆ ਗਿਆ ਸੀ, ਜਿਸ ਤੋਂ ਬਾਅਦ 6000 ਕਰੋੜ ਦੇ ਡਰੱਗ ਰੈਕੇਟ ਮਾਮਲੇ ਵਿੱਚ ਬਿਕਰਮ ਮਜੀਠੀਆ ਦਾ ਨਾਂ ਚਰਚਾ ਵਿੱਚ ਆਇਆ ਸੀ।
ਮਾਮਲੇ ਚ ਇਨ੍ਹਾਂ ਦੀ ਹੋ ਚੁੱਕੀ ਹੈ ਪੇਸ਼ੀ: ਕਾਬਿਲੇਗੌਰ ਹੈ ਕਿ ਮਾਮਲੇ ’ਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦਾ ਨਾਂਅ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਸਾਲ 2014 ਚ ਜਲੰਧਰ ਚ ਈਡੀ ਸਾਹਮਣੇ ਪੇਸ਼ੀ ਹੋਈ ਸੀ। ਇਨ੍ਹਾਂ ਤੋਂ ਇਲਾਵਾ ਇਸੇ ਸਾਲ ਹੀ ਅਕਾਲੀ ਆਗੂ ਚੁੱਨੀ ਲਾਲ ਗਾਬਾ ਦਾ ਬੇਟਾ ਗੁਰਮੇਸ਼ ਗਾਬਾ, ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਅਵਿਨਾਸ਼ ਚੰਦਰ ਅਤੇ ਐਨਆਰਆਈ ਸਭਾ ਦੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਹੇਅਰ ਦਾ ਵੀ ਨਾਂ ਸਾਹਮਣੇ ਆਇਆ ਸੀ ਜੋ ਕਿ ਈਡੀ ਸਾਹਮਣੇ ਪੇਸ਼ ਹੋਏ ਸੀ।
ਜਾਂਚ ਅਧਿਕਾਰੀ ਦਾ ਹੋਇਆ ਸੀ ਤਬਾਦਲਾ: 6 ਹਜ਼ਾਰ ਕਰੋੜ ਰੁਪਏ ਡਰੱਗ ਮਾਮਲੇ ਵਿੱਚ ਜਾਂਚ ਕਰ ਰਹੇ ਅਧਿਕਾਰੀ ਅਤੇ ਜਲੰਧਰ ਚ ਤੈਨਾਤ ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦਾ ਤਬਾਦਲਾ ਹੋ ਗਿਆ ਸੀ। ਜਿਸ ’ਤੇ ਕਾਫੀ ਵਿਵਾਦ ਵੀ ਹੋਇਆ। ਇੱਥੇ ਤੱਕ ਕਿ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਪਹੁੰਚ ਚੁੱਕਿਆ ਸੀ। ਜਿਸ ਤੋਂ ਬਾਅਦ ਹਾਈਕੋਰਟ ਨੇ ਨਿਰੰਜਨ ਸਿੰਘ ਦੇ ਤਬਾਦਲੇ ’ਤੇ ਰੋਕ ਲਗਾ ਦਿੱਤੀ ਹੈ।
ਕਈਆਂ ’ਤੇ ਕੀਤੇ ਗਏ ਸੀ ਮਾਮਲੇ ਦਰਜ: ਜ਼ਿਕਰ-ਏ-ਖਾਸ ਹੈ ਕਿ ਸਾਲ 2017 ਚ ਕਾਂਗਰਸ ਪਾਰਟੀ ਵੱਲੋਂ ਚੋਣ ਜਿੱਤਣ ਤੋਂ ਬਾਅਦ ਉਸ ਸਮੇਂ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਦੇ ਲਈ ਸਪੈਸ਼ਲ ਟਾਸਕ ਫੋਰਸ ਬਣਾਈ ਗਈ। ਇਸ ਤੋਂ ਬਾਅਦ ਸਾਲ 2019 ਵਿੱਚ ਮੁਹਾਲੀ ਅਦਾਲਤ ਨੇ ਜਗਦੀਸ਼ ਭੋਲਾ ਦੇ ਖਿਲਾਫ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਸਾਲ 2021 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜੋ: ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਫਾਇਰਿੰਗ ਦੌਰਾਨ ਜੱਗੂ ਭਗਵਾਨਪੁਰੀਆ ਦੇ ਦੋ ਸਾਥੀ ਗ੍ਰਿਫ਼ਤਾਰ