ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਨਿਰਦੇਸ਼ਕ ਫਰਾਹ ਖ਼ਾਨ ਅਤੇ ਕਮੇਡੀਅਨ ਭਾਰਤੀ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਦੋ ਹੋਰ ਐਫਆਈਆਰ ਵਿੱਚ ਤਿੰਨਾਂ ਦੀ ਗ੍ਰਿਫਤਾਰੀ ਉੱਤੇ ਰੋਕ ਲਗਾ ਦਿੱਤੀ ਹੈ।
ਰੂਪਨਗਰ ਅਤੇ ਫਿਰੋਜ਼ਪੁਰ ਵਿੱਚ ਤਿੰਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਦੋ ਐਫਆਈਆਰ ਵਿੱਚ ਤਿੰਨਾਂ ਨੂੰ ਹਾਈਕੋਰਟ ਨੇ ਰਾਹਤ ਦਿੱਤੀ ਹੈ।
ਇਸ ਤੋਂ ਪਹਿਲਾਂ ਅਜਨਾਲਾ ਦੇ ਵਿੱਚ ਦਰਜ ਕੀਤੀ ਗਈ ਐਫਆਈਆਰ ਉੱਤੇ ਹਾਈ ਕੋਰਟ ਨੇ ਤਿੰਨਾਂ ਦੀ ਗ੍ਰਿਫ਼ਤਾਰੀ ਉੱਤੇ ਸਟੇ ਲਗਾ ਦਿੱਤਾ ਸੀ। ਤਿੰਨਾਂ ਦੇ ਖਿਲਾਫ ਪੰਜਾਬ ਵਿੱਚ ਕੁੱਲ ਚਾਰ ਥਾਂਵਾਂ 'ਤੇ ਐਫਆਈਆਰ ਦਰਜ ਕੀਤੀ ਹੋਈ ਹੈ।
ਜ਼ਿਕਰਯੋਗ ਹੈ ਕਿ ਇੱਕ ਸ਼ੋਅ ਦੇ ਦੌਰਾਨ ਰਵੀਨਾ ਟੰਡਨ, ਫਰਾਹ ਖ਼ਾਨ ਅਤੇ ਭਾਰਤੀ ਸਿੰਘ ਨੇ ਈਸਾਈ ਧਰਮ ਨਾਲ ਸਬੰਧਤ ਇੱਕ ਸ਼ਬਦ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਦੇਸ਼ ਭਰ 'ਚ ਤਿੰਨਾਂ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਮਾਮਲੇ ਵੀ ਦਰਜ ਹੋਏ ਸਨ। ਈਸਾਈ ਭਾਈਚਾਰੇ ਦੇ ਲੋਕ ਇਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।