ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਆਰਟ ਵਰਕ ਵਾਲੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਤੇ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਵਹੀਕਲ ਰਜਿਸਟਰੇਸ਼ਨ ਅਥਾਰਿਟੀ ਨੂੰ ਕਿਹਾ ਹੈ ਕਿ ਆਰਟ ਵਰਕ ਵਾਲੀਆਂ ਗੱਡੀਆਂ ਨੂੰ 2 ਹਫ਼ਤਿਆਂ ਦੇ ਅੰਦਰ ਰਜਿਸਟਰ ਕੀਤਾ ਜਾਵੇ।
ਇਸ ਦੇ ਨਾਲ ਹੀ ਜਸਟਿਸ ਜੈਸ਼੍ਰੀ ਠਾਕੁਰ ਨੇ ਆਪਣੇ ਫੈਸਲੇ ਵਿੱਚ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਕਾਰਨ ਕਰਕੇ ਗੱਡੀ ਦੇ ਕਾਗਜ਼ਾਤ ਪੂਰੇ ਨਹੀਂ ਹੁੰਦੇ ਤਾਂ ਪਟੀਸ਼ਨ ਕਰਤਾ ਨੂੰ ਸਮਾਂ ਦਿੱਤਾ ਜਾਵੇ। ਹਾਈ ਕੋਰਟ ਨੇ ਇਸ ਫੈਸਲੇ ਵਿੱਚ ਤਰਕ ਦਿੱਤਾ ਹੈ ਕਿ ਜੇਕਰ ਪੇਂਟ ਵਾਲੇ ਟਰੱਕ ਅਤੇ ਬੱਸਾਂ ਚੱਲ ਸਕਦੇ ਹਨ ਤਾਂ ਕਾਰਾਂ ਨੂੰ ਰਜਿਸਟਰ ਕਰਨ ਵਿੱਚ ਕੀ ਪਰੇਸ਼ਾਨੀ ਹੈ।
ਇਹ ਵੀ ਪੜ੍ਹੋ: ਕਿਰਨ ਬਾਲਾ ਦੇ ਪਾਕਿਸਤਾਨ ਜਾਣ ਤੋਂ ਬਾਅਦ ਸਹੁਰੇ ਨੇ ਬੱਚਿਆਂ ਦੀ ਪਰਵਰਿਸ਼ ਲਈ ਮਦਦ ਦੀ ਲਾਈ ਗੁਹਾਰ
ਮੈਕਸੀਕਨ ਆਰਟ ਵਰਕ ਵਾਲੀ ਗੱਡੀ ਦੇ ਮਾਲਕ ਅਤੇ ਪਟੀਸ਼ਨ ਕਰਤਾ ਰਣਜੀਤ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਗੱਡੀ ਯੂਰੋਪੀਅਨ ਯੂਨੀਅਨ ਦੇ ਦਿੱਲੀ ਦੇ ਕਾਊਂਸਲਰ ਤੋਂ ਖ਼ਰੀਦੀ ਸੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਇਹ ਕਾਰ ਚੱਲਣ ਨੂੰ ਮਨਜ਼ੂਰੀ ਸੀ ਪਰ ਚੰਡੀਗੜ੍ਹ ਵਿੱਚ ਇਸ ਕਾਰ ਨੂੰ ਰਜਿਸਟਰ ਨਹੀਂ ਕੀਤਾ ਜਾ ਰਿਹਾ ਸੀ।
ਰਣਜੀਤ ਮਲਹੋਤਰਾ ਨੇ ਦੱਸਿਆ ਕਿ ਗੱਡੀ 'ਤੇ ਵੱਖ-ਵੱਖ ਰੰਗ ਹੋਣ ਕਰਕੇ ਰਜਿਸਟਰੇਸ਼ਨ ਅਥਾਰਿਟੀ ਦੇ ਇੰਸਪੈਕਟਰ ਨੇ ਗੱਡੀ ਨੂੰ ਰਜਿਸਟਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ ਤੋਂ ਬਾਅਦ ਮਲਹੋਤਰਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਅਤੇ ਕੋਰਟ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ।