ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ, ਮਨਦੀਪ ਸਿੰਘ ਅਤੇ ਹੋਰਾਂ ਨਾਲ ਅਣਮਨੁੱਖੀ ਸਲੂਕ ਕਰਨ ਅਤੇ ਮੁੱਢਲੀਆਂ ਸੁਵਿਧਾਵਾਂ ਤੋਂ ਵਾਂਝੇ ਰੱਖਣ ਲਈ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਹਾਈਕੋਰਟ ਨੇ ਪੁੱਛਿਆ ਹੈ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਕੋਈ ਜੁਰਮ ਕਰਨ ਤੋਂ ਬਿਨਾਂ ਇਸ ਤਰ੍ਹਾਂ ਕਾਲ ਕੋਠੜੀ ਵਿੱਚ ਕਿਉਂ ਰੱਖਿਆ ਗਿਆ ਹੈ?
ਜ਼ਿਕਰਯੋਗ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਗੈਂਗਸਟਰ ਮਨਦੀਪ ਸਿੰਘ ਦੀ ਪਤਨੀ ਪਵਨਦੀਪ ਕੌਰ ਨੇ ਆਪਣੇ ਪਤੀ ਅਤੇ ਉਨ੍ਹਾਂ ਦੀ ਤਰ੍ਹਾਂ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਨਾਲ ਹੋ ਰਹੇ ਅਣਮਨੁੱਖੀ ਵਿਵਹਾਰ ਦੇ ਖ਼ਿਲਾਫ਼ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ।
ਪਟੀਸ਼ਨ ਵਿੱਚ ਕਿਹਾ ਗਿਆ ਕਿ ਬਠਿੰਡਾ ਦੀ ਜੇਲ੍ਹ ਵਿੱਚ ਕਈ ਅਜਿਹੇ ਲੋਕਾਂ ਨੂੰ ਰੱਖਿਆ ਗਿਆ ਹੈ ਜਿਨ੍ਹਾਂ ਦੇ ਨਾਂਅ ਅੱਗੇ ਗੈਂਗਸਟਰ ਦਾ ਠੱਪਾ ਲੱਗਿਆ ਹੋਇਆ ਹੈ। ਪਟੀਸ਼ਨਰ ਨੇ ਕਿਹਾ ਹੈ ਕਿ ਸਾਰੇ ਗੈਂਗਸਟਰਾਂ ਨੂੰ ਬਠਿੰਡਾ ਜੇਲ੍ਹ ਵਿੱਚ ਇਕੱਠਾ ਕੀਤਾ ਜਾ ਰਿਹਾ, ਜੋ ਕਿਸੇ ਸਮੇਂ ਵੀ ਕਿਸੇ ਅਣਹੋਣੀ ਨੂੰ ਅੰਜਾਮ ਦੇ ਸਕਦੀ ਹੈ।
ਜੱਗੂ ਅਤੇ ਪਵਨਦੀਪ ਕੌਰ ਵੱਲੋਂ ਐਡਵੋਕੇਟ ਆਦਰਸ਼ ਪ੍ਰਿਆਦਰਸ਼ੀ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਪੁਲਿਸ ਗੈਂਗਸਟਰਾਂ ਦੇ ਇੰਨਕਾਊਂਟਰ ਦੀ ਸਾਜ਼ਿਸ਼ ਰਚ ਰਹੀ ਹੈ, ਜਿਸ ਕਾਰਨ ਬਠਿੰਡਾ ਜੇਲ੍ਹ ਵਿੱਚ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਹਨੇਰੇ ਕਮਰੇ ਵਿੱਚ ਰੱਖਿਆ ਜਾਂਦਾ ਹੈ ਅਤੇ ਪਾਣੀ ਵਰਗੀਆਂ ਮੁਢੱਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ, ਜੋ ਕਿ ਜੇਲ੍ਹ ਨਿਯਮਾਂ ਦੇ ਬਿਲਕੁਲ ਉਲਟ ਹੈ।