ਚੰਡੀਗੜ੍ਹ:ਪੰਜਾਬ ਕੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਲੋਂ ਦਾਖ਼ਲ ਇੱਕ ਉਲੰਘਣਾ ਪਟੀਸ਼ਨ ਬੁੱਧਵਾਰ ਨੂੰ ਹਾਈਕੋਰਟ ਵਿੱਚ ਸੁਣਵਈ ਹਿੱਤ ਜਸਟਿਸ ਹਰਿੰਦਰ ਸਿੰਘ ਸਿੱਧੂ ਬੈਂਚ ਕੋਲ ਆਈ। ਉਨ੍ਹਾਂ ਨੇ ਇਸ ਕੇਸ ਦੀ ਸੁਣਵਾਈ ਕਰਨ ਤੋਂ ਨਿਜੀ ਕਾਰਨਾਂ ਕਰਕੇ ਇਨਕਾਰ ਕਰ ਦਿੱਤਾ ਤੇ ਇਹ ਮਾਮਲਾ ਕਿਸੇ ਹੋਰ ਬੈਂਚ ਵੱਲੋਂ ਸੁਣਵਾਈ ਕੀਤੇ ਜਾਣ ਲਈ ਚੀਫ ਜਸਟਿਸ ਕੋਲ ਭੇਜ ਦਿੱਤਾ ਹੈ (Matter send back to Chief Justice)।
ਚੀਫ ਜਸਟਿਸ ਕੋਲ ਮਾਮਲਾ ਜਾਣ ਉਪਰੰਤ ਇਹ ਪਟੀਸ਼ਨ ਹੁਣ ਕਿਸੇ ਹੋਰ ਜੱਜ ਕੋਲ ਸੁਣਵਾਈ ਹਿੱਤ ਆਏਗੀ। ਬਾਅਦ ਵਿੱਚ ਹੀ ਪਤਾ ਲੱਗੇਗਾ ਕਿ ਇਹ ਮਾਮਲਾ ਕਦੋਂ ਅਤੇ ਕਿਹੜੀ ਬੈਂਚ ਕੋਲ ਸੁਣਵਾਈ ਲਈ ਆਏਗਾ।
ਪੰਜਾਬ ਦੇ ਸਾਬਕਾ ਡੀਜੀਪੀ ਸੁਮੇਸ਼ ਸਿੰਘ ਸੈਣੀ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਡੀਜੀਪੀ ਬੀ.ਕੇ. ਉੱਪਲ (ਆਈ.ਪੀ.ਐਸ.) (DGP Vigilance Bureau B.K.Uppal) ਦੇ ਖਿਲਾਫ ਹਾਈਕੋਰਟ ਵਿਚ ਉਲੰਘਣਾ ਪਟੀਸ਼ਨ ਦਾਇਰ ਕੀਤੀ ਹੈ। ਆਪਣੀ ਪਟੀਸ਼ਨ ਵਿਚ ਸੈਣੀ ਨੇ ਕਿਹਾ ਸੀ ਕਿ ਵਿਜੀਲੈਂਸ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ।
ਸੈਣੀ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਹਾਈਕੋਰਟ ਵੱਲੋਂ ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ 7 ਪਹਿਲਾਂ ਨੋਟਿਸ ਦੇਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ, ਉਥੇ ਵਿਜੀਲੈਂਸ ਬਿਊਰੋ ਮੁਹਾਲੀ ਨੇ 18 ਅਗਸਤ, 2021 ਨੂੰ ਇੱਕ ਹੋਰ ਕਥਿਤ ਝੂਠੇ ਕੇਸ ਵਿੱਚ ਪਟੀਸ਼ਨਰ ਨੂੰ ਗ੍ਰਿਫਤਾਰ ਕਰ ਲਿਆ ਸੀ। ਹਾਈਕੋਰਟ ਨੂੰ ਦੱਸਿਆ ਗਿਆ ਕਿ ਉਹ ਇਸ ਮਾਮਲੇ ਵਿੱਚ ਦਰਜ ਐਫਆਈਆਰ ਨੰਬਰ 13 ਵਿੱਚ ਵਿਜੀਲੈਂਸ ਬਿਊਰੋ ਕੋਲ ਜਾਂਚ ਵਿੱਚ ਸ਼ਾਮਲ ਹੋਣ ਲਈ ਗਿਆ ਸੀ ਪਰ ਉਸ ਨੂੰ ਉਥੇ ਹੀ ਬਿਠਾ ਲਿਆ ਗਿਆ ਸੀ।
ਜਿਕਰਯੋਗ ਹੈ ਕਿ ਸੈਣੀ ਦੇ ਵਕੀਲ ਨੇ ਉਸੇ ਦਿਨ ਰਾਤ ਵੇਲੇ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ ਤੇ ਹਾਈਕੋਰਟ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਹੁਕਮ ਦਾ ਹਵਾਲਾ ਦਿੰਦਿਆਂ ਸੈਣੀ ਦੀ ਗਿਰਫਤਾਰੀ ਨੂੰ ਗਲਤ ਅਤੇ ਹਾਈਕੋਰਟ ਦੇ ਹੁਕਮ ਦੀ ਉਲੰਘਣਾ ਕਰਾਰ ਦਿੱਤਾ ਸੀ। ਹਾਈਕੋਰਟ ਨੇ ਉਸੇ ਰਾਤ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਸੈਣੀ ਨੂੰ ਤੁਰੰਤ ਛੱਡ ਦਿੱਤਾ ਜਾਵੇ। ਇਸੇ ਉਲੰਘਣਾ ਪਟੀਸ਼ਨ ਦੀ ਸੁਣਵਾਈ ਬੁੱਧਵਾਰ ਨੂੰ ਹੋਣੀ ਸੀ ਤੇ ਇਹ ਮਾਮਲਾ ਸੁਣਵਾਈ ਹਿੱਤ ਜਸਟਿਸ ਸਿੱਧੂ ਕੋਲ ਆਇਆ ਸੀ ਪਰ ਉਨ੍ਹਾਂ ਨਿਜੀ ਕਾਰਨਾਂ ਕਰਕੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ।