ਆਮਦਨੀ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਦਿਆਲ ਸਿੰਘ ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਮਨਜ਼ੂਰ ਹੋ ਗਈ ਹੈ।
ਜਾਣਕਾਰੀ ਮੁਤਾਬਕ, ਕੋਲਿਆਂਵਾਲੀ ਨੇ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਮੁਹਾਲੀ ਅਦਾਲਤ 'ਚ ਸਰੈਂਡਰ ਕਰ ਦਿੱਤਾ ਸੀ ਤੇ ਹੁਣ ਲਗਭਗ 2 ਮਹੀਨਿਆਂ ਬਾਅਦ ਕੋਲਿਆਂਵਾਲੀ ਨੂੰ ਜ਼ਮਾਨਤ ਮਿਲੀ ਹੈ।
ਜ਼ਿਕਰਯੋਗ ਹੈ ਕਿ ਕੋਲਿਆਂਵਾਲੀ ਪਹਿਲਾਂ ਪੰਜਾਬ ਸੁਬਾਰਡੀਨੇਟ ਸਰਵਿਸੇਜ਼ ਸਿਲੈਕਸ਼ਨ ਬੋਰਡ ਦੇ ਮੈਂਬਰ ਤੇ ਪੰਜਾਬ ਐਗਰੋ ਇੰਡਸਟ੍ਰੀਜ਼ ਲਿਮਿਟੇਡ ਦੇ ਚੇਅਰਮੈਨ ਰਹਿ ਚੁੱਕੇ ਹਨ। ਬੀਤੇ ਜੂਨ ਮਹੀਨੇ ਦੌਰਾਨ ਵਿਜੀਲੈਂਸ ਬਿਊਰੋ ਨੇ ਕੋਲਿਆਂਵਾਲੀ ਵਿਰੁੱਧ ਭਾਰਤੀ ਦੰਡ ਸੰਘਤਾ (IPC) ਦੀਆਂ ਧਾਰਾਵਾਂ 420, 465, 468 ਤੇ 471 ਅਧੀਨ ਧੋਖਾਧੜੀ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ।