ਚੰਡੀਗੜ੍ਹ: ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਨੂੰ ਤਿੰਨ ਸਾਲ ਹੋ ਗਏ ਹਨ, ਪਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੈਪਟਨ ਸਰਕਾਰ ਫੇਲ੍ਹ ਸਾਬਿਤ ਹੋਈ ਹੈ। ਇਸ ਬਾਰੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਕਾਂਗਰਸ ਸਰਕਾਰ ਦੇ ਤਿੰਨ ਸਾਲ ਪੂਰੇ ਕਰਨ 'ਤੇ ਉਨ੍ਹਾਂ ਦੇ ਵੱਲੋਂ ਕੀਤੇ ਗਏ ਵਾਅਦਿਆਂ 'ਤੇ ਬੋਲਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਵੱਲੋਂ ਕੀਤੇ ਗਏ ਇੱਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ 11 ਲੱਖ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਤੇ ਸਕੂਲ ਬਣਾਉਣ ਦੀ ਗੱਲ ਇੱਕ ਸਫੈਦ ਝੂਠ ਹੈ, ਜੋ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਦੇ ਵਿੱਚ ਕੀਤੀ ਗਈ ਸੀ। ਪੰਜਾਬ ਵਿੱਚ ਇਸ ਦੀ ਜ਼ਮੀਨੀ ਹਕੀਕਤ ਕੁਝ ਨਹੀਂ ਹੈ।
ਗੱਲਾਂ ਕਰਕੇ ਹੀ ਕੈਪਟਨ ਸਰਕਾਰ ਨੇ ਕੱਢੇ 3 ਸਾਲ
ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਤਿੰਨ ਸਾਲ ਬੱਸ ਗੱਲਾਂ ਕਰਕੇ ਹੀ ਨਿਕਲ ਗਏ ਹਨ ਅਤੇ ਬਾਕੀ ਦੇ 2 ਸਾਲ ਵਿੱਚ ਵੀ ਸਰਕਾਰ ਕੁਝ ਨਹੀਂ ਕਰ ਸਕਦੀ। ਹਰਪਾਲ ਚੀਮਾ ਨੇ ਕਿਹਾ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਹੀ ਮਜ਼ਬੂਤੀ ਦੇ ਨਾਲ ਉਭਰੇਗੀ ਜੋ ਵੀ ਲੋਕ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਹਨ, ਉਹ ਹਮੇਸ਼ਾ ਹੀ ਪੰਜਾਬ ਦਾ ਭਲਾ ਸੋਚਦੇ ਹਨ।
ਪੰਜਾਬ ਰਿਹਾ ਸੀ ਸਰਪਲੱਸ
ਪੰਜਾਬ ਦਾ ਵਿਕਾਸ ਦਿੱਲੀ ਦੀ ਤਰਜ਼ 'ਤੇ ਕਰਨ ਦੀ ਗੱਲ ਆਦਮੀ ਪਾਰਟੀ ਵੱਲੋਂ ਕਹੀ ਜਾ ਰਹੀ ਹੈ, ਇਸ ਸਵਾਲ ਦਾ ਜਵਾਬ ਦਿੰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਬਹੁਤ ਸਮੇਂ ਤੱਕ ਸਰਪਲੱਸ ਰਿਹਾ ਹੈ ਅਤੇ ਉਹ ਵੀ ਅਜਿਹੀਆਂ ਕੋਸ਼ਿਸ਼ਾਂ ਕਰਨਗੇ ਜਿਸ ਦੇ ਨਾਲ ਪੰਜਾਬ ਦਾ ਖ਼ਜ਼ਾਨਾ ਭਰ ਜਾਵੇ ਅਤੇ ਸਰਪਲੱਸ ਵਿੱਚ ਚਲਾ ਜਾਵੇ।
ਦੂਜੀ ਪਾਰਟੀ ਨਾਲ ਅਲਾਇੰਸ ਕਰਨ ਬਾਰੇ ਬੋਲੇ ਚੀਮਾ
2022 ਵਿੱਚ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਹਰਪਾਲ ਚੀਮਾ ਕਿਸ ਨੂੰ ਦੇਖਦੇ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਕਿਸ ਨਾਲ ਅਲਾਇੰਸ ਕਰੇਗੀ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਚੋਣਾਂ ਅਜੇ ਬਹੁਤ ਦੂਰ ਹੈ ਅਤੇ ਸਮਾਂ ਆਉਣ 'ਤੇ ਉਹ ਮੁੱਖ ਮੰਤਰੀ ਦੇ ਚਿਹਰੇ ਦਾ ਵੀ ਐਲਾਨ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜੋ ਵੀ ਪੰਜਾਬ ਦੇ ਹੱਕ ਵਿੱਚ ਪੰਜਾਬ ਦੇ ਨਾਲ ਤੁਰਨਾ ਚਾਹੁੰਦਾ ਹੈ, ਪੰਜਾਬ ਦਾ ਵਿਕਾਸ ਕਰਨਾ ਚਾਹੁੰਦਾ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਆ ਕੇ ਜੁੜ ਸਕਦੇ ਹਨ।