ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਜ਼ਮੀਨ ਨੂੰ ਪੁੱਡਾ ਨੂੰ ਦੇਣ ਦੇ ਫੈਸਲੇ ਨੇ ਸੂਬੇ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਗਰਮ ਕਰ ਰੱਖਿਆ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਨੇ ਇਸ ਫੈਸਲੇ 'ਤੇ ਆਪਣਾ ਸਪਸ਼ਟੀਕਰਨ ਦਿੱਤਾ ਸੀ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵਿੱਤ ਮੰਤਰੀ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਹੈ।
ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਇਸ ਸਾਰੇ ਮਾਮਲੇ 'ਤੇ ਇਹ ਸਪਸ਼ਟ ਕਰਨ ਕਿ ਉਹ ਹੁਣ ਝੂਠ ਬੋਲ ਰਹੇ ਹਨ ਜਾਂ ਫਿਰ 2017 'ਚ ਵਿਧਾਨ ਸਭਾ ਚੋਣਾਂ ਦੌਰਾਨ ਥਰਮਲ ਪਲਾਂਟ ਨੂੰ ਮੁੜ ਚਾਲੂ ਕਰਨ ਦਾ ਵਾਅਦਾ ਕਰਦੇ ਸਮੇਂ ਉਨ੍ਹਾਂ ਨੇ ਝੂਠ ਬੋਲਿਆ ਸੀ। ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਵਿੱਚ ਵੀ ਅਕਾਲੀ ਸਰਕਾਰ ਦੌਰਾਨ ਪੈਦਾ ਹੋਏ ਬਿਜਲੀ ਮਾਫੀਏ ਦੇ ਹਿੱਤਾਂ ਨੂੰ ਹੀ ਪੂਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਜਨਤਕ ਥਰਲਮ ਪਲਾਂਟ ਨੂੰ ਮੁੜ ਚਾਲੂ ਕਰਨਾ ਦਾ ਵਾਅਦਾ ਕੈਪਟਨ ਸਰਕਾਰ ਨੇ ਕੀਤਾ ਸੀ।
ਤੁਹਾਨੂੰ ਦੱਸ ਦਈਏ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਨੂੰ ਵੇਚਿਆ ਨਹੀਂ ਜਾ ਰਿਹਾ, ਝੀਲ ਦੇ ਪਾਣੀ ਨੂੰ ਬਠਿੰਡਾ ਵਾਸੀਆਂ ਦੇ ਪੀਣ ਦੇ ਲਈ ਵਰਤਿਆ ਜਾਵੇਗਾ। ਥਰਮਲ ਦੀ ਰਿਹਾਇਸ਼ੀ ਕਾਲੋਨੀਆਂ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਸ਼ਿਫਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਵਲ ਲਾਈਨ ਅਤੇ ਪੁਲਿਸ ਲਾਈਨ ਅਧਿਕਾਰੀ ਇਸ ਥਰਮਲ ਕਾਲੋਨੀ ਵਿੱਚ ਸ਼ਿਫਟ ਹੋਣਗੇ।
ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਬਾਕੀ ਬਚਦੀ ਜ਼ਮੀਨ ਨੂੰ ਇੰਡਸਟਰੀ ਪਾਰਕ ਵਜੋਂ ਵਿਕਸਤ ਕੀਤਾ ਜਾਵੇਗਾ। ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਨਾਲ ਮਿਲ ਕੇ ਇੱਥੇ ਇੰਡਸਟਰੀ ਹੱਬ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਇੰਡਸਟਰੀ ਹੱਬ ਬਠਿੰਡਾ ਲਈ ਵਾਰਦਾਨ ਸਾਬਿਤ ਹੋਵੇਗਾ।