ਪਠਾਨਕੋਟ:ਜ਼ਿਲ੍ਹਾ ਪਠਾਨਕੋਟ ਵਿੱਚ ਪੈਂਦੇ ਨੀਮ ਪਹਾੜੀ ਇਲਾਕੇ ਧਾਰ ਦਾ ਪਿੰਡ ਭੰਗੂੜੀ ਜਿਸ ਦੇ ਵਿੱਚ ਇਕ ਅਪਾਹਜ ਨੋਜਵਾਨ ਸੁਰਿੰਦਰ ਕੁਮਾਰ (Surinder Kumar) ਜਿਹੜਾ ਤੁਰਨ ਫਿਰਨ ਤੋਂ ਵੀ ਅਸਮੱਰਥ ਹੈ, ਪਿਛਲੇ ਕਰੀਬ 25 ਸਾਲਾਂ ਤੋਂ ਬੱਚਿਆਂ ਨੂੰ ਮੁਫ਼ਤ ਸਿੱਖਿਆ (Free Education) ਦੇ ਰਿਹਾ ਹੈ।
ਦੱਸ ਦਈਏ ਕਿ ਨੀਮ ਪਹਾੜੀ ਇਲਾਕਾ ਧਾਰ, ਜਿਹੜਾ ਕਿ ਪਛੜਿਆ ਇਲਾਕਾ ਹੈ, ਜਿਥੇ ਲੋਕਾਂ ਕੋਲ ਜ਼ਿਆਦਾ ਸਾਧਨ ਨਾ ਹੋਣ ਕਾਰਨ ਕਈ ਬੱਚੇ ਪੜ੍ਹਾਈ ਤੋਂ ਵੀ ਵਾਂਝੇ ਰਹਿ ਜਾਂਦੇ ਸਨ, ਉਥੇ ਉਸੇ ਧਾਰ ਖੇਤਰ ਦੇ ਪਿੰਡ ਭੰਗੂੜੀ ਵਿੱਚ ਸੁਰਿੰਦਰ ਕੁਮਾਰ, ਜਿਹੜਾ ਕਿ ਅਪਾਹਜ ਹੈ ਅਤੇ ਚਲ ਫਿਰ ਵੀ ਨਹੀਂ ਸਕਦਾ ਤੇ ਉਹ ਅਧਿਆਪਕ ਬਣਨਾ ਚਾਹੁੰਦਾ ਸੀ ਤੇ ਉਸ ਨੇ ਪੜ੍ਹਾਈ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕੁਝ ਕਾਰਨਾਂ ਕਰਕੇ ਉਹ ਵੀ ਅੱਗੇ ਪੜ੍ਹਾਈ ਜਾਰੀ ਨਹੀਂ ਰੱਖ ਸਕਿਆ।
ਇਸ ਦੇ ਬਾਵਜੂਦ ਉਹ ਹੌਸਲਾ ਨਹੀਂ ਹਾਰਿਆ ਤੇ ਆਪਣੇ ਆਪ ਨੂੰ ਜਿੰਦਾ ਰੱਖਣ ਲਈ ਉਸ ਨੇ ਆਪਣੇ ਪਿੰਡ ਦੇ ਵਿੱਚ ਛੋਟੇ-ਛੋਟੇ ਬਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਜਿਸ ਦੀ ਉਹ ਕੋਈ ਫੀਸ ਵੀ ਨਹੀਂ ਲੈਂਦਾ। ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਮਦਦ ਵੀ ਕਰਦਾ ਹੈ, ਜਿਸ ਦੇ ਚਲਦਿਆਂ ਅੱਜ ਉਸ ਕੋਲ 100 ਤੋਂ ਵੱਧ ਬੱਚੇ ਪੜ੍ਹਦੇ ਹਨ ਅਤੇ ਉਹ ਨਰਸਰੀ ਤੋਂ ਲੈ ਕੇ ਐਮ.ਏ. ਤੱਕ ਦੀਆਂ ਜਮਾਤਾਂ ਦੇ ਵਿਦਿਆਰਥੀਆਂ (Students) ਨੂੰ ਪੜਾਉਂਦਾ ਹੈ, ਮਗਰ ਕਿਸੇ ਕੋਲੋਂ ਫੀਸ ਦੀ ਬਹੁਤੀ ਮਦਦ ਨਹੀਂ ਕੀਤੀ ਜਾਂਦੀ, ਜਦੋਂਕਿ ਉਸ ਨੇ ਬੱਚੇ ਪੜ੍ਹਾਉਣ ਲਈ 7 ਅਧਿਆਪਕ ਵੀ ਰੱਖੇ ਗਏ ਹਨ।
ਇਨ੍ਹਾਂ ਅਧਿਆਪਕਾਂ ਨੂੰ ਉਹ ਮਾਣ ਭੱਤਾ ਉਸ ਪੈਸੇ ਨਾਲ ਦਿੰਦਾ ਹੈ, ਜੋ ਪੈਸੇ ਬੱਚਿਆਂ ਦੇ ਮਾਪੇ ਆਪਣੀ ਮਰਜੀ ਨਾਲ ਦੇ ਜਾਂਦੇ ਹਨ। ਉਹ ਇਹ ਪੈਸੇ ਅਧਿਆਪਕਾਂ ਦੇ ਵਿਚ ਵੰਡ ਦਿੰਦਾ ਹੈ, ਜਿਸ ਦੇ ਨਾਲ ਹਰ ਕੋਈ ਉਸ ਦੇ ਇਸ ਕੰਮ ਦੀ ਸ਼ਲਾਘਾ ਕਰਦਾ ਨਹੀਂ ਥੱਕਦਾ।
ਇਸ ਬਾਰੇ ਸਥਾਨਕ ਬੱਚਿਆ ਨੇ ਦਸਿਆ ਕਿ ਅੱਜ ਜੇ ਉਹ ਪੜ ਰਹੇ ਹਨ ਤਾਂ ਸੁਰਿੰਦਰ ਕੁਮਾਰ ਦੀ ਮਿਹਨਤ ਸਦਕਾ ਹੀ ਹਨ ਜਦੋਂ ਕਿ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਜੇ ਅੱਜ ਉਹ ਜਿੰਦਾ ਹੈ ਤੇ ਇਨ੍ਹਾਂ ਬੱਚਿਆਂ ਦੇ ਸਦਕਾ ਹੀ ਹੈ, ਕਿਊਕਿ ਦਸਵੀਂ ਵਿਚ ਉਹ ਇਕ ਬਿਮਾਰੀ ਕਾਰਨ ਅਪਾਹਜ ਹੋ ਗਿਆ ਅਤੇ ਅੱਜ ਉਹ ਇਨ੍ਹਾਂ ਬੱਚਿਆਂ ਨੂੰ ਪੜਾ ਕੇ ਆਪਣੇ ਆਪ ਵਿਚ ਗੌਰਵ ਮਹਿਸੂਸ ਕਰ ਰਿਹਾ ਹੈ।