ਚੰਡੀਗੜ੍ਹ: ਲੰਬੇ ਸਮੇਂ ਤੋਂ ਸੂਬੇ ਭਰ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੀਆਂ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਸੋਮਵਾਰ ਨੂੰ ਆਖਰਕਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੀਟਿੰਗ ਕੀਤੀ। ਪੰਜਾਬ ਭਵਨ ਵਿੱਚ ਹੋਈ ਇਸ ਬੈਠਕ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੁਝ ਜਥੇਬੰਦੀਆਂ ਦੇ ਨਾ ਪਹੁੰਚਣ ਕਾਰਨ ਅਗਲੇ ਹਫਤੇ ਦੁਬਾਰਾ ਮੀਟਿੰਗ ਕੀਤੀ ਜਾਵੇਗੀ।
ਇਸ ਦੌਰਾਨ ਮਨਪ੍ਰੀਤ ਬਾਦਲ ਨੇ ਵਿੱਤੀ ਸੰਕਟ ਹੋਣ ਦੀ ਗੱਲ ਦੁਬਾਰਾ ਦੁਹਰਾਉਂਦੇ ਹੋਏ ਕਿਹਾ ਕਿ ਮੀਟਿੰਗ ਦੇ ਵਿੱਚ ਗੈਰ ਵਿੱਤੀ ਅਤੇ ਵਿੱਤੀ ਮੰਗਾਂ ਦੇ ਉੱਪਰ ਚਰਚਾ ਹੋਈ ਹੈ ਤੇ ਪੰਜਾਬ ਤਨਖਾਹ ਕਮਿਸ਼ਨ ਦੇ ਚੇਅਰਮੈਨ ਦੀ ਸਿਹਤ ਠੀਕ ਨਾ ਹੋਣ ਕਾਰਨ ਰਿਪੋਰਟਾਂ ਆਉਣੀ ਬਾਕੀ ਹੈ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਨਾਲ ਜਿੱਥੇ ਸੂਬੇ ਦਾ ਕਾਰੋਬਾਰ ਤੇ ਆਰਥਿਕਤਾ ਪੂਰੇ ਤਰੀਕੇ ਨਾਲ ਹਿੱਲ ਚੁੱਕੀ ਹੈ। ਉੱਥੇ ਹੀ ਕੇਂਦਰ ਸਰਕਾਰ ਵੱਲੋਂ ਜੀਐਸਟੀ ਦਾ ਕੰਪਨਸੇਸ਼ਨ ਹੁਣ ਤੱਕ ਸੂਬਾ ਸਰਕਾਰ ਨੂੰ ਨਹੀਂ ਮਿਲਿਆ ਜਿਸ ਕਾਰਨ ਸਰਕਾਰ ਦੇ ਵਿੱਤ ਮਹਿਕਮੇ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ।
ਮਨਪ੍ਰੀਤ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਤਨਖਾਹ ਕਮਿਸ਼ਨ ਦੀ ਮੰਗ ਮੁਲਾਜ਼ਮ ਜਥੇਬੰਦੀਆਂ ਜੋ ਕਰ ਰਹੀਆਂ ਹਨ ਉਸ ਨੂੰ ਸਰਕਾਰ ਖੁਦ ਪੂਰਾ ਕਰਨਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਉਹ ਖ਼ੁਦ ਚਾਹੁੰਦੇ ਹਨ ਕਿ ਦਸੰਬਰ ਤੋਂ ਪਹਿਲਾਂ-ਪਹਿਲਾਂ ਤਨਖਾਹ ਕਮਿਸ਼ਨ ਲਾਗੂ ਕਰ ਦਿੱਤਾ ਜਾਵੇ।