ਜਲਾਲਾਬਾਦ : ਪੰਜਾਬ ਵਿੱਚ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਸਨਿੱਚਰਵਾਰ ਨੂੰ ਬੰਦ ਹੋ ਗਿਆ ਹੈ। ਚੋਣ ਪ੍ਰਚਾਰ ਦੇ ਆਖਰੀ ਦਿਨ ਵਿਧਾਨ ਸਭਾ ਹਲਕਾ ਜਲਾਲਾਬਾਦ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਤਾਰੇ ਉਮੀਦਵਾਰ ਐਡਵੋਕੇਟ ਮਹਿੰਦਰ ਸਿੰਘ ਕਚੂਰਾ ਦੇ ਹੱਕ ਵਿੱਚ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਰੋਡ ਸ਼ੋਅ ਕੀਤਾ।
ਇਸ ਦੌਰਾਨ ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲਗਾਤਾਰ ਝੂਠੇ ਲਾਰੇ ਤੇ ਵਾਅਦਿਆਂ ਰਾਹੀਂ ਤੁਹਾਡੀ ਵੋਟ ਪ੍ਰਾਪਤ ਕਰਕੇ ਰਾਜ ਕਰਦੀਆਂ ਆਈਆਂ ਪਾਰਟੀਆਂ ਨੂੰ ਪੰਜਾਬ ਅੰਦਰੋਂ ਚੱਲਦਾ ਕਰਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਦਿੱਤਾ ਜਾਏ ।
ਭਗਵੰਤ ਮਾਨ ਨੇ ਕਿਹਾ ਕਿ ਚਾਹੇ ਦਿੱਲੀ ਸਰਕਾਰ ਕੋਲ ਸੀਮਤ ਤਾਕਤਾਂ ਹਨ ਫਿਰ ਵੀ ਦਿੱਲੀ ਅੰਦਰ ਮੁੱਢਲੀਆਂ ਸਹੂਲਤਾਂ ਨੂੰ ਦੇਸ਼ ਭਰ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਪੰਜਾਬ ਅੰਦਰ ਬਿਜਲੀ ਦੇ ਰੇਟ ਅਤੇ ਦਿੱਲੀ ਵਿੱਚ ਬਿਜਲੀ ਦੇ ਰੇਟਾਂ ਵਿੱਚ ਵੱਡਾ ਅੰਤਰ ਹੈ।
ਉਨ੍ਹਾਂ ਕਿਹਾ ਕਿ ਝੂਠੇ ਲਾਰੇ ਲਾ ਕੇ ਹੋਂਦ ਵਿਚ ਆਈ ਕੈਪਟਨ ਸਰਕਾਰ ਦੇ ਰਾਜ ਅੰਦਰ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੁਕਣ ਦੀ ਬਜਾਏ ਇਹ ਸਿਲਸਿਲਾ ਹੋਰ ਵਧ ਗਿਆ ਹੈ। ਪੜ੍ਹੇ ਲਿਖੇ ਬੇਰੁਜ਼ਗਾਰਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਉਹ ਸਵਾਗਤ ਹੁੰਦਾ ਦੇਖ ਰਹੇ ਹਾਂ ਜਦੋਂ ਉਨ੍ਹਾਂ ਨੂੰ ਪ੍ਰਾਈਵੇਟ ਅਦਾਰਿਆਂ, ਸ਼ੈਲਰਾਂ ਭੱਠਿਆਂ ਉੱਪਰ ਮੁਨੀਮ ਲੱਗਣ ਲਈ ਰੁਜ਼ਗਾਰ ਮੇਲਿਆਂ ਵਿੱਚ ਕਿਹਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੈਮੀਕਲ ਨਸ਼ਿਆਂ ਦੀ ਮਾਰ ਬਾਦਲ ਦੇ ਰਾਜ ਵਿੱਚ ਪੈਣੀ ਸ਼ੁਰੂ ਹੋਈ ਜੋ ਕਿ ਇੱਕ ਪੰਜਾਬ ਦੀ ਜਵਾਨੀ ਨੂੰ ਸ਼ਰਾਪ ਬਣ ਕੇ ਚਿੰਬੜੀ ਹੈ।
ਉਨ੍ਹਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ, ਪਵਿੱਤਰ ਕੁਰਾਨ ਅਤੇ ਬਾਈਬਲ ਦੀ ਬੇਅਦਬੀ ਕਰਨ ਵਾਲਿਆਂ ਨੂੰ ਨਾ ਤਾਂ ਬਾਦਲ ਨੇ ਕਾਬੂ ਕੀਤਾ ਅਤੇ ਨਾ ਹੀ ਕੈਪਟਨ ਸਰਕਾਰ ਵੱਲੋਂ ਅਸਲ ਦੋਸ਼ੀਆਂ ਨੂੰ ਸੀਖਾਂ ਪਿੱਛੇ ਰੱਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਖੁਦ ਅਕਾਲ ਪੁਰਖ ਟੰਗੇਗਾ।
ਇਹ ਵੀ ਪੜੋ: ਪੀਐਮ ਮੋਦੀ ਘਰ ਪੁੱਜੇ ਬਾਲੀਵੁੱਡ ਸਿਤਾਰੇ, ਮੋਦੀ ਨੇ ਕੀਤੀ ਕਲਾਕਾਰਾਂ ਨੂੰ ਇਹ ਖ਼ਾਸ ਅਪੀਲ
ਭਗਵੰਤ ਮਾਨ ਨੇ ਕਿਹਾ ਕਿ ਅੱਜ ਫਿਰ ਪੰਜਾਬ ਦੀ ਜਨਤਾ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਇਸ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੁੰਦੀਆਂ ਹਨ।