ਚੰਡੀਗੜ੍ਹ : ਰਿਸ਼ਵਤ ਮਾਮਲੇ 'ਚ ਨਾਮਜ਼ਦ ਮਨੀਮਾਜਰਾ ਥਾਣੇ ਦੀ ਸਾਬਕਾ ਐਸਐਚਓ ਜਸਵਿੰਦਰ ਕੌਰ ਨੂੰ ਸੀਬੀਆਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਰਿਸ਼ਵਤ ਮਾਮਲੇ 'ਚ ਖ਼ੁਦ ਨੂੰ ਫਸਾਏ ਜਾਣ ਦੀ ਦਲੀਲ ਦਿੰਦੇ ਹੋਏ ਜਸਵਿੰਦਰ ਕੌਰ ਨੇ ਸੀਬੀਆਈ ਕੋਰਟ 'ਚ ਜ਼ਮਾਨਤ ਲਈ ਪਟੀਸ਼ਨ ਦਾਖਲ ਕੀਤੀ ਸੀ।
ਜਸਵਿੰਦਰ ਕੌਰ ਦੇ ਵਕੀਲ ਤਰਮਿੰਦਰ ਸਿੰਘ ਮੁਤਾਬਕ ਉਨ੍ਹਾਂ ਨੇ ਸੀਬੀਆਈ ਕੋਰਟ 'ਚ ਜ਼ਮਾਨਤ ਲਈ ਪਟੀਸ਼ਨ ਦਾਖਲ ਕੀਤੀ ਸੀ। ਪਟੀਸ਼ਨਕਰਤਾ ਜਸਵਿੰਦਰ ਕੌਰ ਨੇ ਖ਼ੁਦ ਨੂੰ ਰਿਸ਼ਵਤ ਲੈਣ ਦੇ ਮਾਮਲੇ 'ਚ ਫਸਾਏ ਜਾਣ ਦੀ ਗੱਲ ਆਖੀ ਹੈ। ਉਨ੍ਹਾਂ ਆਪਣੀ ਪਟੀਸ਼ਨ 'ਚ ਦੱਸਿਆ ਕਿ ਜਿਹੜੇ ਪੰਜ ਲੱਖ ਰੁਪਏ ਰਿਸ਼ਵਤ ਲੈਣ ਦੀ ਗੱਲ ਕਹੀ ਜਾ ਰਹੀ ਹੈ, ਉਹ ਦੋਹਾਂ ਧਿਰਾਂ 'ਚ ਸਮਝੌਤਾ ਹੋਣ ਮਗਰੋਂ ਤੈਅ ਕੀਤੀ ਗਈ ਸੀ।
ਹਲਾਂਕਿ ਅਦਾਲਤ 'ਚ ਸੋਮਵਾਰ ਨੂੰ ਸੁਣਵਾਈ ਦੇ ਦੌਰਾਨ ਆਪਣਾ ਜਵਾਬ ਦਾਖਲ ਕਰਦਿਆਂ ਸੀਬੀਆਈ ਦੇ ਵਕੀਲ ਨੇ ਦਲੀਲ ਦਿੱਤੀ ਕਿ ਅਜੇ ਤੱਕ ਮਾਮਲੇ ਦੀ ਜਾਂਚ ਜਾਰੀ ਹੈ। ਇਸ ਮਾਮਲੇ 'ਚ ਅਜੇ ਤੱਕ ਕੇਸ ਦਾ ਚਲਾਨ ਨਹੀਂ ਪੇਸ਼ ਕੀਤਾ ਗਿਆ ਹੈ। ਕੋਰਟ 'ਚ ਮਾਮਲੇ ਦੇ ਮੁਖ ਗਵਾਹਾਂ ਦੀ ਗਵਾਹੀ ਹੋਣੀ ਬਾਕੀ ਹੈ। ਕੇਸ ਦਰਜ ਹੋਣ ਮਗਰੋਂ 25 ਦਿਨਾਂ ਤੱਕ ਮੁਲਜ਼ਮ ਜਸਵਿੰਦਰ ਕੌਰ ਦੇ ਫਰਾਰ ਰਹਿਣ ਦੀ ਗੱਲ ਵੀ ਆਖੀ ਗਈ। ਅਜਿਹੇ 'ਚ ਜ਼ਮਾਨਤ ਮਿਲਣ 'ਤੇ ਮੁਲਜ਼ਮ ਵੱਲੋਂ ਸਬੂਤਾਂ ਨਾਲ ਛੇੜਛਾੜ ਕਰਨ ਦਾ ਖਦਸ਼ਾ ਹੈ। ਸੀਬੀਆਈ ਦੇ ਵਕੀਲ ਨੇ ਜਸਵਿੰਦਰ ਕੌਰ 'ਤੇ ਜਾਂਚ ਦੌਰਾਨ ਸਹਿਯੋਗ ਨਾ ਦੇਣ ਦੇ ਦੋਸ਼ ਲਾਏ ਹਨ। ਸੀਬੀਆਈ ਦੇ ਵਕੀਲ ਨੇ ਜਸਵਿੰਦਰ ਦੀ ਜ਼ਮਾਨਤ ਦਾ ਵਿਰੋਧ ਕੀਤਾ।
ਕੀ ਹੈ ਮਾਮਲਾ-
ਮਨੀਮਾਜਰਾ ਦੇ ਵਸਨੀਕ ਗੁਰਦੀਪ ਸਿੰਘ ਨੇ 26 ਜੂਨ 2020 ਨੂੰ ਸੀਬੀਆਈ ਕੋਲ ਰਿਸ਼ਵਤ ਸਬੰਧੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮਨੀਮਾਜਰਾ ਥਾਣੇ ਦੀ ਐਸਐਚਓ ਜਸਵਿੰਦਰ ਕੌਰ ਨੇ ਪਹਿਲਾਂ ਫੋਨ ਕਰ ਉਸ ਨੂੰ ਆਪਣੇ ਦਫਤਰ ਬੁਲਾਇਆ। ਜਦ ਉਹ ਪੁਲਿਸ ਸਟੇਸ਼ਨ ਪੁੱਜਾ ਤਾਂ ਉਥੇ ਸੰਗਰੂਰ ਦਾ ਰਹਿਣ ਵਾਲਾ ਰਣਧੀਰ ਸਿੰਘ ਤੇ ਐਸਐਚਓ ਦਾ ਜਾਣਕਾਰ ਭਗਵਾਨ ਸਿੰਘ ਪਹਿਲਾਂ ਤੋਂ ਹੀ ਮੌਜੂਦ ਸਨ। ਐਸਐਚਓ ਜਸਵਿੰਦਰ ਕੌਰ ਨੇ ਉਸ ਨੂੰ ਦੱਸਿਆ ਕਿ ਰਣਧੀਰ ਸਿੰਘ ਨੇ ਗੁਰਦੀਪ ਉੱਤੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਵਾਉਣ ਦੇ ਨਾਂ 'ਤੇ 27 ਤੋਂ 28 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਜਸਵਿੰਦਰ ਕੌਰ ਨੇ ਗੁਰਦੀਪ ਕੋਲੋਂ ਉਸ ਦੇ ਖਿਲਾਫ ਕੇਸ ਨਾਂ ਦਰਜ ਕਰਨ ਲਈ ਪੰਜ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਗੁਰਦੀਪ ਨੇ ਕਿਹਾ ਕਿ ਉਸ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਦੇ ਦੋ ਲੱਖ ਰੁਪਏ ਸੰਗਰੂਰ ਦੇ ਮਿਲਨ ਚੌਕ ਵਿੱਚ ਐਸਐਚਓ ਵੱਲੋਂ ਭੇਜੇ ਗਏ ਵਿਚੋਲੇ ਭਗਵਾਨ ਸਿੰਘ ਨੂੰ ਸੌਂਪ ਦਿੱਤੀ। ਇਸ ਤੋਂ ਬਾਅਦ ਗੁਰਦੀਪ ਦੀ ਸ਼ਿਕਾਇਤ 'ਤੇ ਸੀਬੀਆਈ ਨੇ ਭਗਵਾਨ ਸਿੰਘ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ ਗਿਆ।