ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਘਿਰਾਓ ਕਰਨ ਦੇ ਮਾਮਲੇ ’ਚ ਅਕਾਲੀ ਦਲ ਦੇ ਵਿਧਾਇਕਾਂ ਖ਼ਿਲਾਫ਼ ਪਰਚਾ ਦਰਜ ਕੀਤੇ ਜਾਣ ’ਤੇ ਅਕਾਲੀ ਦਲ ਵੱਲੋਂ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਗ਼ਲਤ ਪਿਰਤ ਪਾਈ ਜਾ ਰਹੀ ਹੈ, ਜੇ ਵਿਧਾਇਕ ਆਪਣੀ ਗੱਲ ਨਹੀਂ ਰੱਖ ਸਕਦੇ ਤਾ ਉਹ ਹੋਰ ਕੀ ਕਰਨਗੇ।
ਡਾ. ਚੀਮਾ ਨੇ ਹਰਿਆਣਾ ਦੇ ਸੀਐਮ ਨੂੰ ਚੇਤੇ ਕਰਵਾਉਂਦਿਆਂ ਕਿਹਾ ਕਿ ਇੱਕ ਵਾਰ ਪੰਜਾਬ ਅਸੈਂਬਲੀ ਦੇ ਅੰਦਰ ਤੱਕ ਜਾਣ ਦੀ ਹਰਿਆਣਾ ਦੇ ਵਿਧਾਇਕਾਂ ਨੇ ਕੋਸ਼ਿਸ਼ ਕੀਤੀ ਸੀ ਅਤੇ ਉਸ ਵੇਲੇ ਵੀ ਪੰਜਾਬ ਵਿਧਾਨ ਸਭਾ ਨੇ ਮਹਿਸੂਸ ਕੀਤਾ ਸੀ ਕਿ ਇਹ ਵਿਧਾਇਕਾਂ ਦਾ ਹੱਕ ਬਣਦਾ ਹੈ। ਉਸ ਵੇਲੇ ਲੋਕਾਂ ਨਾਲ ਜੁੜੇ ਮੁੱਦੇ ਚੁੱਕਣ ਨੂੰ ਲੈ ਕੇ ਹਰਿਆਣਾ ਦੇ ਵਿਧਾਇਕਾਂ ਵਿਰੁੱਧ ਪੰਜਾਬ ਵਿਧਾਨ ਸਭਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ, ਪਰ ਜੋ ਅੱਜ ਕੀਤਾ ਗਿਆ ਉਹ ਬੜਾ ਮੰਦਭਾਗਾ ਹੈ।
ਡਾ. ਚੀਮਾ ਨੇ ਕਿਹਾ ਕਿ ਜ਼ਰੂਰੀ ਤਾ ਇਹ ਬਣਦਾ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ ਬੁਲਾ ਕੇ ਉਨ੍ਹਾਂ ਦੀ ਗੱਲ ਸੁਣਦੇ ਅਤੇ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਰੋਕਿਆ ਗਿਆ ਸੀ ਉਸ ਉੱਪਰ ਆਪਣਾ ਸਪੱਸ਼ਟੀਕਰਨ ਦਿੰਦੇ।