ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਸੂਬਾ ਸਹਿ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਸੋਮਵਾਰ ਗਾਇਕਾ ਅਨਮੋਲ ਗਗਨ ਮਾਨ ਪਹਿਲੀ ਵਾਰ ਇਥੇ ਪੱਤਰਕਾਰਾਂ ਦੇ ਰੂਬਰੂ ਹੋਏ। ਆਪਣੀ ਪਲੇਠੀ ਕਾਨਫ਼ਰੰਸ ਦੌਰਾਨ ਯੂਥ ਆਗੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਖਤ ਹੱਥੀਂ ਲਿਆ।
ਕਾਨਫ਼ਰੰਸ ਦੌਰਾਨ ਆਪ ਆਗੂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਕਿਸਾਨਾਂ ਨੂੰ ਹਰ ਫ਼ਸਲ 'ਤੇ ਗਰੰਟੀਸ਼ੁਦਾ ਐਮਐਸਪੀ ਦੇਣ। ਜੇਕਰ ਨਹੀਂ ਦੇ ਸਕਦੇ ਤਾਂ ਅਸਤੀਫ਼ਾ ਦੇਣ ਦੇਣ। ਆਪ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਕਿ ਮੁੱਖ ਮੰਤਰੀ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਨੂੰ ਜ਼ਿੰਮਾ ਸੌਂਪ ਕੇ ਵੇਖੇ ਉਹ ਪੰਜ ਮਿੰਟਾਂ ਅੰਦਰ ਇਕੱਲੀ-ਇਕੱਲੀ ਫ਼ਸਲ 'ਤੇ ਐਮਐਸਪੀ ਦੇਣਗੇ।
ਗਾਇਕਾ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਵਾਰੋ-ਵਾਰੀ ਪੰਜਾਬ ਨੂੰ ਸਿਰਫ਼ ਲੁੱਟਿਆ ਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਕਿਸਾਨੀ ਦੇ ਨਾਲ ਆਮ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਬੇਰੁਜ਼ਗਾਰੀ ਅਥਾਹ ਵਧੀ ਹੋਈ ਹੈ, ਪਰ ਮੁੱਖ ਮੰਤਰੀ 'ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਕਿਉਂਕਿ ਉਨ੍ਹਾਂ ਦੀ ਮੋਟੀ ਚਮੜੀ ਹੈ, ਮੱਝ ਵਰਗੀ।
ਇਸਤੋਂ ਪਹਿਲਾਂ ਆਪ ਆਗੂ ਨੇ ਕਿਹਾ ਕਿ ਉਸਨੇ ਆਮ ਆਦਮੀ ਪਾਰਟੀ ਇਸ ਕਰਕੇ ਜੁਆਇਨ ਕੀਤੀ ਹੈ ਕਿਉਂਕਿ ਇਹ ਇਮਾਨਦਾਰ ਪਾਰਟੀ ਹੈ ਅਤੇ ਜਿਸ ਤਰ੍ਹਾਂ ਦਿੱਲੀ ਵਿੱਚ ਆਪ ਦੇ ਮੁਖੀ ਕੇਜਰੀਵਾਲ ਨੇ ਸਹੂਲਤਾਂ ਦਿੱਤੀਆਂ ਹਨ। ਹੁਣ ਆਗਾਮੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਵਿੱਚ ਵੀ ਲੋਕਾਂ ਨੂੰ ਉਸੇ ਤਰ੍ਹਾਂ ਦੀਆਂ ਸਹੂਲਤਾਂ ਦੇ ਕੇ ਖੁਸ਼ਹਾਲ ਬਣਾਇਆ ਜਾਵੇਗਾ।