ਜ਼ੀਰਕਪੁਰ : ਸ਼ਹਿਰ ਦੇ ਢਕੋਲੀ ਇਲਾਕੇ ਵਿੱਚ ਇੱਕ ਬਿਜਲੀ ਦੇ ਸਮਾਨ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਇਸ ਅੱਗ 'ਚ ਕਰੋੜਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਮੁਤਾਬਕ ਇਲਾਕੇ 'ਚ ਓਮ ਇਲੈਕਟ੍ਰੀਕਲਜ਼ ਨਾਂਅ ਦੀ ਇੱਕ ਦੁਕਾਨ ਵੀਕੈਂਡ ਲੌਕਡਾਊਨ ਦੇ ਚਲਦੇ ਬੰਦ ਪਈ ਸੀ। ਇਲਾਕੇ ਦੇ ਕੁੱਝ ਲੋਕਾਂ ਨੇ ਦੁਕਾਨ ਤੋਂ ਧੂੰਆਂ ਨਿਕਲਦਾ ਵੇਖਿਆ ਤੇ ਪੁਲਿਸ ਅਤੇ ਫਾਈਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਇਸ ਦੀ ਸੂਚਨਾ ਦੁਕਾਨ ਮਾਲਕ ਨੂੰ ਦਿੱਤੀ ਗਈ।
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਅਫਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਢਕੋਲੀ ਇਲਾਕੇ ਵਿੱਚ ਇੱਕ ਬਿਜਲੀ ਦੇ ਸਮਾਨ ਦੀ ਦੁਕਾਨ 'ਚ ਅੱਗ ਲੱਗਣ ਦੀ ਸੂਚਨਾ ਮਿਲੀ। ਉਹ ਆਪਣੀ ਟੀਮ ਨੂੰ ਨਾਲ ਲੈ ਕੇ ਮੌਕੇ 'ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਲਈ ਤਕਰੀਬਨ 4 ਤੋਂ 5 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਤਕਰੀਬਨ ਤਿੰਨ ਘੰਟੇ ਦੀ ਕੜੀ ਮਸ਼ਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਅਫਸਰ ਨੇ ਸ਼ਾਰਟ ਸਰਕਿਟ ਨਾਲ ਅੱਗ ਲੱਗਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਦੁਕਾਨ ਦੇ ਮਾਲਿਕ ਗੌਰਵ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਉੱਤੇ ਦੁਕਾਨ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਜਦ ਉਹ ਮੌਕੇ 'ਤੇ ਪੁੱਜੇ ਤਾਂ ਉਦੋਂ ਤੱਕ ਦੁਕਾਨ 'ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਦੁਕਾਨ ਵਿੱਚ ਬਿਜਲੀ ਦਾ ਕਾਫੀ ਸਮਾਨ ਪਿਆ ਸੀ, ਅੱਗ ਲੱਗਣ ਦੇ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਹੈ।