ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚੰਡੀਗੜ੍ਹ ਵਿਖੇ ਸੂਬੇ ਦੇ 50 ਉਭਰਦੇ ਕਾਰੋਬਾਰੀਆਂ ਦਾ ਸਨਮਾਨ ਕੀਤਾ ਗਿਆ। ਜਿਸ ਵਿੱਚ ਖੇਤੀਬਾੜੀ, ਟਰੈਕਟਰ ਸਨਅਤ, ਰੀਅਲ ਅਸਟੇਟ, ਚਾਵਲ, ਆਟੋ ਉਦਯੋਗ ਨਾਲ ਸਬੰਧਤ ਕਾਰੋਬਾਰੀ ਸ਼ਾਮਲ ਹੋਏ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਸਮਾਗਮ ਪੰਜਾਬ ਸਰਕਾਰ ਅਤੇ ਇਨ ਮਾਈ ਸਿਟੀ ਈਵੈਂਟ ਕੰਪਨੀ ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ।
ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਇੰਡਸਟਰੀ ਕਿਵੇਂ ਆਵੇ ਇਸ ਬਾਰੇ ਚਰਚਾ ਕੀਤੀ ਗਈ ਹੈ। ਦੂਜੇ ਪਾਸੇ ਪੰਜਾਬ ਵਿੱਚ ਸਨਅਤ ਲਿਆਉਣ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਨੇ ਪੰਜਾਬ ਨੂੰ ਛੱਡ ਕੇ ਗੁਆਂਢੀ ਰਾਜਾਂ ਨੂੰ ਵਿਸ਼ੇਸ਼ ਪੈਕੇਜ ਦਿੱਤੇ ਹਨ, ਜਿਸ ਕਾਰਨ ਸਨਅਤ ਉਨ੍ਹਾਂ ਰਾਜਾਂ ਵਿੱਚ ਚਲੀ ਗਈ, ਪਰ ਪੰਜਾਬ ਵਿੱਚ ਉਦਯੋਗ ਨੀਤੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਨੀਤੀ ਰਾਹੀਂ ਆਪਣੇ ਤੌਰ 'ਤੇ ਉਦਯੋਗਾਂ ਨੂੰ ਰਿਆਇਤਾਂ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਜੋ ਉਦਯੋਗ ਦੇ ਨਾਲ-ਨਾਲ ਰੁਜ਼ਗਾਰ ਵੀ ਵਧੇ।
ਚੀਮਾ ਨੇ ਰਾਘਵ ਚੱਢਾ ਦਾ ਕੀਤਾ ਬਚਾਅ: ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤੀ ਨੂੰ ਲੈ ਕੇ ਜਿੱਥੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ, ਉੱਥੇ ਹੀ ਇਸ ਮੁੱਦੇ ਨੂੰ ਲੈ ਕੇ ਹਾਈਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਾਘਵ ਚੱਢਾ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਪਹਿਲਾਂ ਰਾਜ ਸਭਾ ਵਿੱਚ ਭੇਜਿਆ ਹੈ। ਇਸ ਲਈ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸਹੀ ਫੈਸਲਾ ਲੈਂਦਿਆਂ ਉਨ੍ਹਾਂ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਚੀਮਾ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਨਿੰਦਾ ਕਰਨਾ ਹੈ, ਉਨ੍ਹਾਂ ਨੇ ਇਸ ਵਿੱਚ ਕੁਝ ਵੀ ਗਲਤ ਨਹੀਂ ਕੀਤਾ। ਰਾਘਵ ਚੱਢਾ ਨੂੰ ਸੁਪਰ ਸੀਐਮ ਦੇ ਤੌਰ 'ਤੇ ਟ੍ਰੋਲ ਕਰਨ 'ਤੇ ਚੀਮਾ ਨੇ ਕਿਹਾ ਕਿ ਵਿਰੋਧੀ ਧਿਰ ਜੋ ਵੀ ਕਹੇ, ਅਸੀਂ ਚੱਢਾ ਜੋ ਵਿਦੇਸ਼ ਵਿੱਚ ਪੜ੍ਹਦਾ ਹੈ ਅਤੇ ਉਸ ਦੀਆਂ ਸੇਵਾਵਾਂ ਦਾ ਫਾਇਦਾ ਪੰਜਾਬ ਵਿੱਚ ਉਠਾਵਾਂਗੇ। ਉਨ੍ਹਾਂ ਦਾਆਵਾ ਕੀਤਾ ਹੈ ਕਿ ਸਰਕਾਰ ਨੇ ਜੋ ਫੈਸਲਾ ਲਿਆ ਹੈ ਬਿਲਕੁਲ ਸਹੀ ਲਿਆ ਹੈ।
ਕੱਚੇ ਮੁਲਾਜ਼ਮਾਂ 'ਤੇ ਬੋਲੇ ਚੀਮਾ: ਪੰਜਾਬ ਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ ਚੀਮਾ ਨੇ ਕਿਹਾ ਕਿ ਸਰਕਾਰ ਇਸ ਮੁੱਦੇ ’ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਵਿੱਚ ਬਣੇ 2 ਐਕਟ, 2016 ਅਤੇ 2021 ਵਿੱਚ ਬਣੇ ਐਕਟਾਂ ’ਤੇ ਵਿਚਾਰ ਜਾ ਰਿਹਾ ਹੈ, ਕਿ ਕਿਸ ਕਾਰਨ ਉਹ ਅਦਾਲਤ ਵਿੱਚ ਜਾ ਕੇ ਫੇਲ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਮਾਦੇਵੀ ਜੱਜਮੈਂਟ ਨੂੰ ਦੇਖ ਕੇ ਅਸੀਂ ਕਾਨੂੰਨ ਨੂੰ ਦੇਖ ਰਹੇ ਹਾਂ ਤਾਂ ਜੋ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਕਿ ਇਸ ਸਬੰਧੀ ਅਗਲੀ ਮੀਟਿੰਗ 14 ਜੁਲਾਈ ਨੂੰ ਹੈ। ਚੀਮਾ ਨੇ ਦਾਅਵਾ ਕੀਤਾ ਕਿ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਸਰਕਾਰ ਪੂਰਾ ਕਰੇਗੀ। ਰਾਸ਼ਟਰਪਤੀ ਚੋਣ ਵਿੱਚ ਵੋਟਿੰਗ ਬਾਰੇ ਚੀਮਾ ਨੇ ਕਿਹਾ ਕਿ ਇਸ ਦਾ ਫੈਸਲਾ ਕੌਮੀ ਲੀਡਰਸ਼ਿੱਪ ਤੈਅ ਕਰੇਗੀ ਅਤੇ ਜਦੋਂ ਸਾਨੂੰ ਪੁੱਛਿਆ ਜਾਵੇਗਾ ਤਾਂ ਅਸੀਂ ਆਪਣੀ ਰਾਏ ਦੇਵਾਂਗੇ।
ਇਹ ਵੀ ਪੜ੍ਹੋ: ਡਾ. ਵਿਜੇ ਸਿੰਗਲਾ ਦਾ ਵੱਡਾ ਦਾਅਵਾ, 'ਕੋਈ ਸਾਬਿਤ ਕਰਦੇ ਕਿ ਇੱਕ ਰੁਪਇਆ ਵੀ ਲਿਆ ਹੋਵੇ'