ਚੰਡੀਗੜ੍ਹ: ਖੇਤੀ ਕਾਨੂੰਨਾਂ (Agricultural laws) ਖਿਲਾਫ਼ ਕਿਸਾਨਾਂ ਦਾ ਸੰਘਰਸ਼ ਦਿੱਲੀ ਦੀਆਂ ਬਰੂਹਾਂ ਉੱਪਰ ਲੰਮੇ ਸਮੇਂ ਤੋਂ ਜਾਰੀ ਹੈ। ਕਿਸਾਨਾਂ ਦੇ ਵੱਲੋਂ ਕੇਂਦਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜਿੰਨ੍ਹਾਂ ਸਮਾਂ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਹੜੀਆਂ ਚੋਣਾਂ ਨੂੰ ਲੈਕੇ ਸਮਾਗਮ ਕਰ ਰਹੀਆਂ ਹਨ।
ਪੰਜਾਬ ‘ਚ ਭਖੇ ਮਾਹੌਲ ਨੂੰ ਲੈਕੇ ਮੀਟਿੰਗ
ਚੰਡੀਗੜ੍ਹ ‘ਚ ਈਟੀਵੀ ਭਾਰਤ ਦੀ ਟੀਮ ਦੇ ਵੱਲੋਂ ਕਿਸਾਨਾਂ ਦੇ ਨਾਲ ਅਹਿਮ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੇ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਜੋ ਉਨ੍ਹਾਂ ਵੱਲੋਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨਾਲ ਚਰਚਾ ਕੀਤੀ ਗਈ ਹੈ ਉਹ ਪੰਜਾਬ ਵਿੱਚ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਸਮਾਗਮਾਂ ਨੂੰ ਲੈਕੇ ਕੀਤੀ ਗਈ ਹੈ।
ਸਿਆਸੀ ਪਾਰਟੀਆਂ ਨੂੰ ਰੈਲੀਆਂ ਨਾ ਕਰਨ ਦੀ ਚਿਤਾਵਨੀ
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਭਾਜਪਾ ਨੂੰ ਛੱਡ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਸਿਆਸੀ ਪਾਰਟੀਆਂ ਨੂੰ ਚੋਣਾਂ ਨੂੰ ਲੈਕੇ ਰੈਲੀਆਂ ਨਾ ਕਰਨ ਦੀ ਗੱਲ ਕਹੀ ਗਈ ਹੈ ਤਾਂ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਵਿਰੋਧ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਸ ਭਖੇ ਮਾਹੌਲ ਨੂੰ ਲੈਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਨੌਬਤ ਨਾ ਆਵੇ ਇਸ ਕਰਕੇ ਹੀ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ।ਕਿਸਾਨਾਂ ਵੱਲੋਂ ਉਨ੍ਹਾਂ ਸਮੇਂ ਤੱਕ ਕੋਈ ਵੀ ਰੈਲੀ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ ਜਦੋਂ ਤੱਕ ਚੋਣ ਕਮਿਸ਼ਨ ਚੋਣਾਂ ਨੂੰ ਲੈਕੇ ਕੋਈ ਤਰੀਕ ਦਾ ਐਲਾਨ ਨਹੀਂ ਕਰਦਾ।
ਸਿਆਸੀ ਆਗੂਆਂ ਦੇ ਬਿਆਨ
ਕਿਸਾਨਾਂ ਨਾਲ ਮੀਟਿੰਗ ਨੂੰ ਲੈਕੇ ਸਿਆਸੀ ਪਾਰਟੀਆਂ ਦੇ ਬਿਆਨ ਵੀ ਸਾਹਮਣੇ ਆਏ ਹਨ ਜਿਸ ‘ਚ ਉਹ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਵਿਖਾਈ ਦਿੱਤੇ ਹਨ।
ਕਾਂਗਰਸ ਪਾਰਟੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰੇਗੀ ਕੰਮ-ਪਰਗਟ ਸਿੰਘ
ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ (Punjab Congress) ਦੇ ਜਰਨਲ ਸਕੱਤਰ ਪਰਗਟ ਸਿੰਘ (Pargat Singh) ਨੇ ਕਿਹੈ ਕਿ ਉਨ੍ਹਾਂ ਦੀ ਪਾਰਟੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹੈ ਕਿ ਕਾਂਗਰਸ ਪਾਰਟੀ ਅਜਿਹਾ ਕੋਈ ਵੀ ਕੰਮ ਨਹੀਂ ਕਰੇਗੀ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ। ਪਰਗਟ ਸਿੰਘ ਨੇ ਕਿਹੈ ਕਿ ਉਨ੍ਹਾਂ ਦੀ ਪਾਰਟੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋ ਕੇ ਕਾਂਗਰਸ ਪਾਰਟੀ ਸ਼ਾਂਤ ਮਾਹੌਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰੇਗੀ ਤਾਂ ਕਿ ਪੰਜਾਬ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ।
ਅਕਾਲੀ ਦਲ (Akali Dal) ਵੱਲੋਂ ਲਿਖੀ ਗਈ ਸੀ ਚਿੱਠੀ: ਅਕਾਲੀ ਆਗੂ
ਮੀਟਿੰਗ ਨੂੰ ਲੈਕੇ ਮਹੇਸ਼ਇੰਦਰ ਗਰੇਵਾਲ ਦਾ ਕਹਿਣਾ ਕਿ ਅਕਾਲੀ ਦਲ ਵਲੋਂ ਚਿੱਠੀ ਲਿਖੀ ਗਈ ਸੀ, ਜਿਸ ਦਾ ਕਿਸਾਨ ਆਗੂਆਂ ਵੀ ਜਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਚਿੱਠੀ ਤੋਂ ਬਾਅਦ ਹੀ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਪੂਰੇ ਦੇਸ਼ ਦਾ ਸੰਘਰਸ਼ ਹੈ। ਉਨ੍ਹਾਂ ਕਿਹਾ ਕਿ ਇਹ ਨੈਸ਼ਨਲ ਮੂਵਮੈਂਟ ਤਾਂ ਹੀ ਬਣੇਗੀ ਜੇਕਰ ਸਾਰੇ ਮਿਲ ਕੇ ਚੱਲਦੇ ਹਨ।
ਫੈਸਲਾ ਸਿਰ ਮੱਥੇ ਹੋਵੇਗਾ-ਭੂੰਦੜ
ਅਕਾਲੀ ਦਲ (Akali Dal) ਦੇ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਉਹ ਆਪਣੀ ਗੱਲ ਅੰਦਰ ਰੱਖ ਕੇ ਆਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਤੌਰ 'ਤੇ ਆਪਣੇ ਸੁਝਾਅ ਰੱਖੇ ਹਨ ਅਤੇ ਜੋ ਵੀ ਅਗਲਾ ਫੈਸਲਾ ਹੋਵੇਗਾ ਉਹ ਸਿਰ ਮੱਥੇ ਹੋਵੇਗਾ।
ਸਮਾਜ ਦੋ-ਫਾੜ ਨਾ ਹੋਵੇ-ਸੰਧਵਾ
ਆਪ ਆਗੂ ਕੁਲਤਾਰ ਸੰਧਵਾ ਦਾ ਕਹਿਣਾ ਕਿ ਗੱਲਬਾਤ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੁਝ ਕਿਸਾਨ ਕਹਿਣਗੇ , ਤੇ ਕੁਝ ਉਹ ਸੁਝਾਅ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਵੀ ਕਿਸਾਨ ਹਨ ਅਤੇ ਸਮਾਜ ਦੋ ਫਾੜ ਨਾ ਹੋਵੇ ਅਤੇ ਨਾ ਗਵਰਨਰ ਰਾਜ ਲਾਗੂ ਹੋਵੇ। ਇਸ ਲਈ ਅਸੀਂ ਇਗ ਗੱਲ ਦਾ ਸਮਰਥਨ ਕਰਦੇ ਹਾਂ।
ਪਾਰਟੀ ਵੱਲੋਂ ਨਹੀਂ ਕੀਤੀ ਗਈ ਕੋਈ ਰੈਲੀ-ਢੀਂਡਸਾ
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਲੀਡਰ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਕੋਈ ਰੈਲੀ ਨਹੀਂ ਕੀਤੀ ਗਈ, ਪਰ ਕਿਸਾਨਾਂ ਨਾਲ ਵਧੀਆ ਗੱਲ ਹੋਵੇਗੀ। ਇਸ ਦੇ ਨਾਲ ਹੀ ਬ੍ਰਹਪੁਰਾ ਨੇ ਕਿਹਾ ਕਿ 500 ਤੋਂ ਵੱਧ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ ਪਰ ਮੋਦੀ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ।
ਸੁਖਬੀਰ ਦੀ ਰੈਲੀ ਤੋਂ ਬਾਅਦ ਮਾਹੌਲ ਬਣਿਆ ਸੀ ਤਣਾਅਪੂਰਨ
ਦੱਸ ਦਈਏ ਕਿ ਕਿਸਾਨਾਂ ਵੱਲੋਂ ਮੋਗਾ ਵਿਖੇ ਸੁਖਬੀਰ ਸਿੰਘ ਬਾਦਲ (Sukhbir Singh Badal) ਦੀ ਰੈਲੀ ਦਾ ਵਿਰੋਧ ਕੀਤਾ ਗਿਆ ਸੀ। ਇਸ ਮੌਕੇ ਸਥਿਤੀ ਤਣਾਅ ਪੂਰਨ ਬਣ ਗਈ ਸੀ ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਵੀ ਹੋ ਗਈ ਸੀ ਤੇ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ ਸੀ, ਜਿਸ ਤੋਂ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਸਨ।
ਸੰਯੁਕਤ ਕਿਸਾਨ ਮੋਰਚੇ (Sanyukt Kisan Morcha) ਵੱਲੋਂ ਭਾਜਪਾ ਦਾ ਬਾਈਕਾਟ ਕੀਤਾ ਗਿਆ ਹੈ, ਸੰਯੁਕਤ ਕਿਸਾਨ ਮੋਰਚੇ (Sanyukt Kisan Morcha) ਨੇ ਪਹਿਲਾਂ ਬਿਆਨ ਦਿੱਤਾ ਸੀ ਕਿ ਭਾਜਪਾ ਨੂੰ ਛੱਡ ਬਾਕੀ ਕਿਸੇ ਵੀ ਪਾਰਟੀ ਦਾ ਵਿਰੋਧ ਨਾ ਕੀਤਾ ਜਾਵੇ, ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਰੱਦ ਹੋਣ ਤਕ ਹਰ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਈ ਪਿੰਡਾਂ ਵਿੱਚ ਸਿਆਸੀ ਪਾਰਟੀਆਂ ਦੇ ਬਾਈਕਾਟ ਦੇ ਪੋਸਟਰ ਵੀ ਲੱਗ ਗਏ ਹਨ ਤੇ ਪਿੰਡਾਂ ਵਿੱਚ ਸਿਆਸੀ ਆਗੂਆਂ ਨੂੰ ਵੜਨ ਨਹੀਂ ਦਿੱਤਾ ਜਾ ਰਿਹ ਹੈ। ਜਦਕਿ ਭਾਜਪਾ ਆਗੂਆਂ ਨੂੰ ਤਾਂ ਘਰ ਤੋਂ ਹੀ ਬਾਹਰ ਨਹੀਂ ਦਿੱਤਾ ਜਾ ਰਿਹਾ ਹੈ।