ਚੰਡੀਗੜ੍ਹ: ਕਿਸਾਨ ਮੋਰਚਾ ਦੇ ਆਗੂਆਂ ਨੂੰ ਸਿੱਧੀ ਸਿਆਸਤ ਤੋਂ ਪ੍ਰਹੇਜ ਪਰ ਇਹ ਸਪੱਸ਼ਟ ਹੈ ਕਿ ਉਹ ਪੰਜ ਰਾਜਾਂ ਵਿੱਚ ਜਿੱਥੇ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਉਥੇ ਹੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ।
ਕਿਸਾਨ ਮੋਰਚਾ ਨੇ ਭਾਜਪਾ ਵਿਰੋਧੀ ਪ੍ਰਚਾਰ ਲਈ ਸਪੈਸ਼ਲ ਟੀਮਾਂ ਵੀ ਬਣਾ ਦਿੱਤੀਆਂ ਹਨ। ਇਹ ਪ੍ਰਗਟਾਵਾ ਸਾਂਝੇ ਕਿਸਾਨ ਮੋਰਚੇ ਦੇ ਆਗੂ ਤੇ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।
ਪ੍ਰੈੱਸ ਮਿਲਣੀ ਦੌਰਾਨ ਕਿਸਾਨ ਆਗੂ ਰਾਜੇਵਾਲ ਨਾਲ ਹਰਮੀਤ ਸਿੰਘ ਕਾਦੀਆਂ ਅਤੇ ਬੁੱਧੀਜੀਵੀ ਪ੍ਰੋਫੈਸਰ ਮਨਜੀਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਪ੍ਰੋਫ਼ੈਸਰ ਮਨਜੀਤ ਸਿੰਘ ਹੋਰਾਂ ਨੇ ਕਿਹਾ ਕਿ ਪਹਿਲੇ ਗੇੜ ਵਿੱਚ ਪ੍ਰਚਾਰ ਟੀਮਾਂ ਪੱਛਮੀ ਬੰਗਾਲ ਜਾਣਗੀਆਂ ਜਿਥੇ ਭਾਜਪਾ ਉਮੀਦਵਾਰਾਂ ਦੇ ਵਿਰੋਧ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ।
ਇਕ ਸਵਾਲ ਦੇ ਜਵਾਬ ਵਿਚ ਇਨ੍ਹਾਂ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਲੜਾਈ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਹੈ। ਜੇਕਰ ਕਿਸਾਨ ਜਥੇਬੰਦੀਆਂ ਸਿੱਧੀ ਸਿਆਸਤ ਕਰਨ ਲੱਗ ਪਈਆਂ ਤਾਂ ਇਹ ਲੜਾਈ ਪਿੱਛੇ ਰਹਿ ਜਾਵੇਗੀ ਤੇ ਇਸ ਦਾ ਫ਼ਾਇਦਾ ਸਿਆਸਤਦਾਨਾਂ ਨੂੰ ਹੋਣਾ ਸੁਭਾਵਿਕ ਹੈ ਤੇ ਨੁਕਸਾਨ ਕਿਸਾਨ ਮੋਰਚੇ ਦਾ ਹੋਵੇਗਾ।