ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਜਿੱਥੇ ਆਮ ਲੋਕਾਂ ਦੇ ਲਈ ਮੁਸੀਬਤ ਬਣੀ ਹੋਈ ਹੈ, ਉੱਥੇ ਹੀ ਅੱਖਾਂ ਦੇ ਆਪ੍ਰੇਸ਼ਨ ਕਰਵਾ ਚੁੱਕੇ ਜਾਂ ਅੱਖਾਂ ਤੋਂ ਨਾ ਦੇਖ ਸਕਣ ਵਾਲਿਆਂ ਦੀਆਂ ਮੁਸ਼ਕਿਲਾਂ ਵੀ ਦੋ ਗੁਣਾ ਵੱਧ ਗਈਆਂ ਹਨ। ਇਸ ਸੰਬੰਧੀ ਈਟੀਵੀ ਭਾਰਤ ਦੀ ਟੀਮ ਨੇ ਇੱਕ ਅੱਖਾਂ ਦੇ ਹਸਪਤਾਲ ਵਿੱਚ ਰਿਐਲਟੀ ਚੈੱਕ ਕੀਤਾ।
ਇਸ ਦੌਰਾਨ ਡਾਕਟਰ ਰੋਹਿਤ ਗੁਪਤਾ ਨੇ ਦੱਸਿਆ ਕਿ WHO ਦੀ ਗਾਈਡਲਾਈਨਜ਼ ਮੁਤਾਬਕ ਜੋ ਲੋਕ ਨਹੀਂ ਦੇਖ ਸਕਦੇ ਜਾਂ ਜਿਨ੍ਹਾਂ ਦਾ ਅੱਖਾਂ ਦਾ ਆਪ੍ਰੇਸ਼ਨ ਕੀਤਾ ਗਿਆ ਹੈ, ਉਨ੍ਹਾਂ ਦੀ ਸਾਂਭ ਸੰਭਾਲ ਲਈ ਇੱਕ ਕੇਅਰ ਟੇਕਰ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਵੱਖ-ਵੱਖ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਆਪਣੇ ਕਲੀਨਿਕ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਸਮਾਜਿਕ ਦੂਰੀ ਬਣਾ ਕੇ ਇਲਾਜ ਕੀਤਾ ਜਾ ਰਿਹਾ ਹੈ ਜਿਸ ਕਰਕੇ ਕਈ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਦਿਨ ਵਿੱਚ 30 ਤੋਂ 50 ਅੱਖਾਂ ਦੇ ਮਰੀਜ਼ਾਂ ਦਾ ਇਲਾਜ ਕਰਦੇ ਹਨ।
ਦੂਜੇ ਪਾਸੇ ਅੱਖਾਂ ਦੇ ਰੈਟੀਨਾ ਦੀ ਸਮੱਸਿਆ ਤੋਂ ਪ੍ਰੇਸ਼ਾਨ ਇਲਾਜ ਕਰਵਾ ਰਹੇ ਇੱਕ ਮਰੀਜ਼ ਨੇ ਦੱਸਿਆ ਕਿ ਉਹ ਫਰਵਰੀ ਤੋਂ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫਰਵਰੀ ਦੇ ਵਿੱਚ ਡਾਕਟਰਾਂ ਨੇ ਉਸ ਨੂੰ ਇੱਕ ਰੈਟੀਨਾ ਦਾ ਇੰਜੈਕਸ਼ਨ ਲਗਾਇਆ ਸੀ ਪਰ ਲੌਕਡਾਊਣ ਕਾਰਨ ਇਹ ਆਪਣਾ ਟ੍ਰੀਟਮੈਂਟ ਡਾਕਟਰਾਂ ਮੁਤਾਬਕ ਨਹੀਂ ਕਰਵਾ ਸਕੇ ਤੇ ਅੱਜ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਇਹ ਆਪਣਾ ਟ੍ਰੀਟਮੈਂਟ ਕਰਵਾਉਣ ਦੇ ਲਈ ਅੰਬਾਲਾ ਤੋਂ ਚੰਡੀਗੜ੍ਹ ਪਹੁੰਚੇ ਹਨ।
ਮਿਸ਼ਨ ਫ਼ਤਿਹ: ਕੈਪਟਨ ਅਮਰਿੰਦਰ ਨੇ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ
ਡਾਕਟਰ ਜਸਵਿੰਦਰ ਸਿੰਘ ਮੁਤਾਬਕ ਇੱਕ ਮਹੀਨਾ ਪਹਿਲਾਂ ਲਗਾਏ ਗਏ ਇੰਜੈਕਸ਼ਨ ਦਾ ਕੋਈ ਅਸਰ ਨਹੀਂ ਪਿਆ। ਇਸ ਦਾ ਕਾਰਨ ਇੱਕ ਮਹੀਨਾ ਦਵਾਈਆਂ ਦਾ ਗੈਪ ਸੀ। ਅਜਿਹੇ ਹਜ਼ਾਰਾਂ ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜੋ ਆਪਣੇ ਘਰਾਂ ਵਿੱਚ ਫਸੇ ਹੋਏ ਸਨ। ਕਈਆਂ ਨੂੰ ਟੈਲੀਮੈਡੀਸਨ ਜ਼ਰੀਏ ਦਵਾਈ ਬਾਰੇ ਦੱਸਿਆ ਗਿਆ ਪਰ ਜੋ ਦਵਾਈਆਂ ਨਹੀਂ ਲੈ ਸਕੇ, ਉਨ੍ਹਾਂ ਕਈ ਮਰੀਜ਼ਾਂ ਦੀ ਤਬੀਅਤ ਖ਼ਰਾਬ ਵੀ ਹੋਈ ਹੈ। ਹੋਰਨਾਂ ਸੂਬਿਆਂ ਦੇ ਮਰੀਜ਼ ਜੋ ਚੰਡੀਗੜ੍ਹ ਨਹੀਂ ਆ ਸਕਦੇ ਸਨ, ਉਨ੍ਹਾਂ ਨੂੰ ਆਨਲਾਈਨ ਦਵਾਈਆਂ ਬਾਰੇ ਦੱਸਿਆ ਗਿਆ।
ਲੌਕਡਾਊਨ ਵਿੱਚ ਸਭ ਤੋਂ ਵੱਧ ਜੇ ਗੱਲ ਕਰੀਏ ਤਾਂ ਅੱਖਾਂ ਦੇ ਆਪ੍ਰੇਸ਼ਨ ਕਰਵਾ ਚੁੱਕੇ ਪੀੜਤ ਮਰੀਜ਼ਾਂ 'ਤੇ ਇਸ ਦਾ ਵੱਧ ਅਸਰ ਪਿਆ ਹੈ। ਡਾਕਟਰਾਂ ਮੁਤਾਬਕ WHO ਦੀ ਗਾਈਡਲਾਈਨਜ਼ 'ਤੇ ਉਹ ਜਿੱਥੇ ਟ੍ਰੀਟਮੈਂਟ ਕਰ ਰਹੇ ਹਨ, ਉੱਥੇ ਹੀ ਕਈ ਪੀੜਤ ਮਰੀਜ਼ਾਂ ਦਾ ਸਮੇਂ ਸਿਰ ਦਵਾਈ ਨਾ ਮਿਲਣ 'ਤੇ ਨੁਕਸਾਨ ਹੋਇਆ ਹੈ।