ਚੰਡੀਗੜ੍ਹ: ਮਨੀਮਾਜਰਾ ਦੀ ਸਾਬਕਾ ਐਸਐਚਓ ਜਸਵਿੰਦਰ ਕੌਰ ਨੇ ਸ਼ਨੀਵਾਰ ਨੂੰ ਸੀਬੀਆਈ ਦੀ ਸਪੈਸ਼ਲ ਅਦਾਲਤ ਵਿੱਚ ਸਰੰਡਰ ਕਰ ਦਿੱਤਾ। ਜਸਵਿੰਦਰ ਕੌਰ 5 ਲੱਖ ਰੁਪਏ ਦੀ ਰਿਸ਼ਵਤਖੋਰੀ ਮਾਮਲੇ ਵਿੱਚ 30 ਜੂਨ ਤੋਂ ਫਰਾਰ ਸੀ। ਸੀਬੀਆਈ ਅਦਾਲਤ ਨੇ ਵੀਰਵਾਰ ਨੂੰ ਹੀ ਉਸ ਨੂੰ ਭਗੌੜਾ ਐਲਾਨਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਜਸਵਿੰਦਰ ਕੌਰ ਨੂੰ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ। ਇਸ ਸਭ ਦੇ ਵਿਚਾਲੇ ਜਸਵਿੰਦਰ ਕੌਰ ਨੇ ਸ਼ਨੀਵਾਰ ਨੂੰ ਸਰੰਡਰ ਕਰ ਦਿੱਤਾ।
ਇਸ ਮੌਕੇ ਜਸਵਿੰਦਰ ਕੌਰ ਨੇ ਕਿਹਾ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਲਿਤ ਹੋਣ ਕਰਕੇ ਉਨ੍ਹਾਂ ਨੂੰ ਅੱਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਈ ਲੋਕ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਧਰ ਜਸਵਿੰਦਰ ਕੌਰ ਦੇ ਵਕੀਲ ਤਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਬੀਆਈ ਨੇ ਕੋਰਟ ਤੋਂ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਅਤੇ ਕੋਰਟ ਵੱਲੋਂ 4 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼: ਪੁਲਿਸ ਮੁੱਠਭੇੜ 'ਚ ਮਾਰਿਆ ਗਿਆ ਲੋੜੀਂਦਾ ਅਪਰਾਧੀ ਟਿੰਕੂ ਕਪਾਲਾ
ਇੰਸਪੈਕਟਰ ਜਸਵਿੰਦਰ ਕੌਰ ’ਤੇ ਦੋਸ਼ ਹੈ ਕਿ ਉਸ ਨੇ ਧੋਖਾਧੜੀ ਦੇ ਇੱਕ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਸਬੰਧ ਵਿੱਚ ਇੱਕ ਵਿਚੋਲੇ ਭਗਵਾਨ ਸਿੰਘ ਨੂੰ ਸੀਬੀਆਈ ਨੇ ਰਿਸ਼ਵਤ ਦੀ ਦੂਜੀ ਕਿਸ਼ਤ ਦੇ 1 ਲੱਖ ਰੁਪਏ ਲੈਂਦੇ ਸਮੇਂ ਮੋਹਾਲੀ ਤੋਂ ਰੰਗੇ-ਹੱਥੀ ਕਾਬੂ ਕੀਤਾ ਸੀ।