ਚੰਡੀਗੜ੍ਹ: ਸੂਬੇ ਵਿੱਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਤੇ ਹਰਿਆਣਾ-ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਹੋਣ ਵਾਲੇ ਚੋਣ ਪ੍ਰਚਾਰ ਲਈ ਅੱਜ ਆਖ਼ਰੀ ਦਿਨ ਹੈ। ਇਸ ਦੇ ਮੱਦੇਨਜ਼ਰ ਸਿਆਸੀ ਆਗੂ ਸ਼ਾਮ ਤੱਕ ਚੋਣ ਪ੍ਰਚਾਰ ਕਰ ਸਕਣਗੇ। ਦੱਸ ਦਈਏ, ਪੰਜਾਬ ਵਿੱਚ 21 ਅਕਤੂਬਰ ਨੂੰ 4 ਸੀਟਾਂ ਜਲਾਲਾਬਾਦ, ਮੁਕੇਰੀਆਂ, ਫਗਵਾੜਾ ਤੇ ਮੁੱਲਾਂਪੁਰ ਦਾਖਾਂ ਵਿੱਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਲਈ ਚੋਣ ਪ੍ਰਚਾਰ ਅੱਜ ਖ਼ਤਮ ਹੋ ਜਾਵੇਗਾ। ਇਸ ਤੋਂ ਬਾਅਦ ਚੋਣਾਂ ਵਿੱਚ ਉਤਰੇ ਉਮੀਦਵਾਰ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰ ਸਕਣਗੇ।
ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਕਰਨਗੇ ਚੋਣ ਪ੍ਰਚਾਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖ਼ਰੀ ਦਿਨ ਦਾ ਚੋਣ ਪ੍ਰਚਾਰ ਮੁਕੇਰੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਾਡਵਾ ਵਿੱਚ ਚੋਣ ਪ੍ਰਚਾਰ ਕਰਨਗੇ।
ਪ੍ਰਚਾਰ ਦੇ ਆਖ਼ਰੀ ਦਿਨ ਪ੍ਰਧਾਨ ਮੰਤਰੀ ਹਰਿਆਣਾ 'ਚ ਕਰਨਗੇ ਰੈਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਏਲਨਾਬਾਦ ਤੇ ਰੇਵਾੜੀ ਵਿੱਚ ਰੈਲੀ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਦੀ ਰੈਲੀ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਵੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ, ਹਰਿਆਣਾ ਤੇ ਮਹਾਰਾਸ਼ਟਰ ਵਿੱਚ ਚੋਣਾਂ ਲਈ ਸਿਆਸੀ ਆਗੂਆਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਕਿ ਅੱਜ ਰੁੱਕ ਜਾਵੇਗਾ। ਇਸ ਤੋਂ ਬਾਅਦ 21 ਅਕਤੂਬਰ ਨੂੰ ਵੋਟਾਂ ਹੋਣਗੀਆਂ ਜਿਸ ਦੇ ਨਤੀਜੇ 24 ਅਕਤੂਬਰ ਨੂੰ ਸਾਹਮਣੇ ਆਉਣਗੇ।
ਇਹ ਵੀ ਪੜ੍ਹੋ: ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਕਾਂਗਰਸ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ: ਮੋਦੀ