ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਐਤਵਾਰ ਨੂੰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਮੁੰਬਈ ਹਵਾਈ ਅੱਡੇ 'ਤੇ ਵਿਦੇਸ਼ ਜਾਣ ਵਾਲੀ ਫਲਾਈਟ 'ਚ ਸਵਾਰ ਹੋਣ ਤੋਂ ਰੋਕ ਦਿੱਤਾ। ਏਜੰਸੀ ਨੇ ਕਥਿਤ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਅਤੇ ਹੋਰਾਂ ਖ਼ਿਲਾਫ਼ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਦੇ ਚੱਲਦੇ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਰੋਕ ਲਿਆ। ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਈਡੀ ਵੱਲੋਂ ਜਾਰੀ ਲੁੱਕ ਆਊਟ ਨੋਟਿਸ (ਐੱਲ.ਓ.ਸੀ.) ਦੇ ਆਧਾਰ 'ਤੇ 36 ਸਾਲਾ ਅਦਾਕਾਰਾ ਨੂੰ ਹਵਾਈ ਅੱਡੇ 'ਤੇ ਰੋਕਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਏਜੰਸੀ ਦੇ ਅਧਿਕਾਰੀ ਮੁੰਬਈ ਹਵਾਈ ਅੱਡੇ 'ਤੇ ਪਹੁੰਚੇ ਅਤੇ ਜੈਕਲਿਨ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਏਜੰਸੀ ਵੱਲੋਂ ਜੈਕਲੀਨ ਨੂੰ ਦੇਸ਼ 'ਚ ਹੀ ਰਹਿਣ ਲਈ ਕਿਹਾ ਕਿਉਂਕਿ ਉਨ੍ਹਾਂ ਨੂੰ ਜਾਂਚ 'ਚ ਸ਼ਾਮਿਲ ਹੋਣਾ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜੈਕਲੀਨ ਦੁਬਈ ਜਾਂ ਮਸਕਟ ਜਾ ਰਹੀ ਸੀ ਅਤੇ ਰੋਕੇ ਜਾਣ ਤੋਂ ਬਾਅਦ ਸ਼ਾਮ 6 ਵਜੇ ਦੇ ਕਰੀਬ ਹਵਾਈ ਅੱਡੇ ਤੋਂ ਚਲੀ ਗਈ।
ਜਿਕਰਯੋਗ ਹੈ ਕਿ ਈਡੀ ਨੇ ਇਸ ਤੋਂ ਪਹਿਲਾਂ ਚੰਦਰਸ਼ੇਖਰ ਅਤੇ ਉਨ੍ਹਾਂ ਦੀ ਅਭਿਨੇਤਰੀ ਪਤਨੀ ਲੀਨਾ ਮਾਰਿਆ ਪਾਲ ਦੇ ਖਿਲਾਫ਼ 200 ਕਰੋੜ ਰੁਪਏ ਤੋਂ ਵੱਧ ਮਨੀ ਲਾਂਡਰਿੰਗ ਮਾਮਲੇ ਵਿੱਚ ਜੈਕਲੀਨ ਤੋਂ ਪੁੱਛਗਿੱਛ ਕੀਤੀ ਸੀ। ਏਜੰਸੀ ਨੇ ਸ਼ਨੀਵਾਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀ ਵਿਸ਼ੇਸ਼ ਅਦਾਲਤ ਵਿੱਚ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਅਤੇ ਇਸ ਵਿੱਚ ਚੰਦਰਸ਼ੇਖਰ, ਉਸਦੀ ਪਤਨੀ ਅਤੇ ਛੇ ਹੋਰਾਂ ਦੇ ਨਾਮ ਸ਼ਾਮਲ ਕੀਤੇ ਹਨ।
ਇਹ ਵੀ ਪੜ੍ਹੋ: ਜਾਣੋ ਕਿਵੇਂ ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਨੂੰ ਵਿਆਹ ਲਈ ਕਿਵੇਂ ਮਨਾਇਆ
ਚਾਰਜਸ਼ੀਟ 'ਚ ਦਾਅਵਾ ਕੀਤਾ ਗਿਆ ਹੈ ਕਿ ਚੰਦਰਸ਼ੇਖਰ ਨੇ ਅਭਿਨੇਤਰੀ ਨੂੰ ਕਈ ਮਹਿੰਗੇ ਤੋਹਫੇ ਦਿੱਤੇ ਸਨ। ਚੰਦਰਸ਼ੇਖਰ 'ਤੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਦੀ ਪਤਨੀ ਅਦਿਤੀ ਸਿੰਘ ਵਰਗੇ ਕੁਝ ਪ੍ਰਭਾਵਸ਼ਾਲੀ ਲੋਕਾਂ ਨੂੰ ਧੋਖਾ ਦੇਣ ਦਾ ਵੀ ਇਲਜ਼ਾਮ ਹੈ।
(ਇਨਪੁੱਟ ਭਾਸ਼ਾ)