ਲੁਧਿਆਣਾ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਰਾਏਕੋਟ ਤੋਂ ਪਾਰਟੀ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਅਤੇ ਹਲਕਾ ਦਾਖਾਂ ਤੋਂ ਉਮੀਦਵਾਰ ਕੇ.ਐਨ.ਐਸ. ਕੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਗਤੀਵਿਧੀਆਂ ਤੋਂ ਜਾਣੂ ਕਰਵਾਉਂਦੇ ਹੋਏ ਸਿਸੋਦੀਆ ਨੇ ਪਾਰਟੀ ਦੇ ਦੋਵੇਂ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿੱਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਐਤਵਾਰ ਨੂੰ ਮਨੀਸ਼ ਸਿਸੋਦੀਆ ਪੰਜਾਬ ਦੇ ਚੋਣ ਦੌਰੇ 'ਤੇ ਸਨ। ਉਨ੍ਹਾਂ ਲੁਧਿਆਣਾ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਵਾਰ-ਵਾਰ ਅਕਾਲੀ ਦਲ ਅਤੇ ਕਾਂਗਰਸ ਨੂੰ ਮੌਕੇ ਦਿੱਤੇ, ਪਰ ਕੋਈ ਵੀ ਪਾਰਟੀ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰ ਸਕੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਮੌਕਾ ਆਦਮੀ ਪਾਰਟੀ ਨੂੰ ਦੇਕੇ ਦੇਖੋ। ਸਿਸੋਦੀਆ ਨੇ ਕਿਹਾ ਕਿ ਅਸੀਂ ਦਿੱਲੀ ਵਿੱਚ ਕੰਮ ਕੀਤਾ ਹੈ, ਪੰਜਾਬ ਵਿੱਚ ਹੋਰ ਵੀ ਵਧੀਆ ਕੰਮ ਕਰਕੇ ਦਿਖਾਵਾਂਗੇ।
ਸਿਸੋਦੀਆ ਨੇ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਲਈ ਕਾਂਗਰਸ ਨੂੰ ਜਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਢੇਰੀ ਹੋ ਚੁੱਕੀ ਹੈ। ਪੰਜਾਬ ਦੀ ਨੌਜਵਾਨ ਡਰੱਗ ਮਾਫੀਆ ਦੀ ਜਕੜ 'ਚ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਸੁਧਾਰ ਕਰੇਗੀ ਅਤੇ ਡਰੱਗ ਮਾਫੀਆ ਨੂੰ ਜੜ੍ਹ ਤੋਂ ਖ਼ਤਮ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰੇਗੀ।
‘ਆਪ’ ਆਗੂ ਨੇ ਕਿਹਾ ਕਿ ਲੋਕ ਮੈਨੂੰ ਕਹਿ ਰਹੇ ਹਨ ਕਿ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਆਗੂ ਲੋਕਾਂ ਨੂੰ ਮੋਟਾ ਪੈਸਾ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਪੈਸਾ ਜਨਤਾ ਦੇ ਟੈਕਸ ਦਾ ਲੁੱਟਿਆ ਹੋਇਆ ਪੈਸਾ ਹੈ। ਦੋਵਾਂ ਪਾਰਟੀਆਂ ਨੇ ਬਾਰੀ ਬਾਰੀ ਨਾਲ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਆਪਣੀਆਂ ਤਿਜੋਰੀਆਂ ਭਰੀਆਂ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਕਾਂਗਰਸ ਅਤੇ ਅਕਾਲੀ ਦਲ ਪੈਸੇ ਦੇਣ ਤਾਂ ਨਾਂਹ ਨਾ ਕਰਨਾ, ਲੈ ਲਓ, ਪਰ ਵੋਟ ਆਮ ਆਦਮੀ ਪਾਰਟੀ ਨੂੰ ਹੀ ਦੇਣਾ।
ਸਿਸੋਦੀਆ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਸਿਸੋਦੀਆ ਨੇ ਕਿਹਾ ਕਿ ਲੋਕ 20 ਫਰਵਰੀ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਅਤੇ ‘ਆਪ’ ਦੀ ਇਮਾਨਦਾਰ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਇੰਨ੍ਹਾਂ ਭ੍ਰਿਸ਼ਟ ਪਾਰਟੀਆਂ ਦੇ ਭ੍ਰਿਸ਼ਟ ਆਗੂਆਂ ਵੱਲੋਂ ਲੁੱਟਿਆ ਗਿਆ ਜਨਤਾ ਦਾ ਪੈਸਾ ਵਾਪਸ ਲਿਆਵੇਗੀ ਅਤੇ ਸਰਕਾਰੀ ਖਜ਼ਾਨਾ ਭਰ ਕੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਵਿਕਾਸ ਲਈ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣ। ਉਨ੍ਹਾਂ ਕਿਹਾ ਹੈ ਕਿ ਜੇਕਰ ਅਸੀਂ ਪੰਜ ਸਾਲ ਵਿੱਚ ਕੰਮ ਨਹੀਂ ਕੀਤਾ ਤਾਂ ਅਗਲੀ ਵਾਰ ਵੋਟ ਨਾ ਦੇਣਾ।
ਇਹ ਵੀ ਪੜ੍ਹੋ: BJP ਉਮੀਦਵਾਰ ਦੀ ਕਿਸਾਨਾਂ ਨੂੰ ਧਮਕੀ ਦੀ ਵੀਡੀਓ ਵਾਇਰਲ