ਚੰਡੀਗੜ੍ਹ: ਪੰਜਾਬ ਪੁਲਿਸ ਦੇ ਮੁਅੱਤਲ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਦਾ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਇੱਕ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਆ ਗਏ ਸਨ। ਹੁਣ ਇਕ ਵਾਰ ਫਿਰ ਤੋਂ ਡੀਐੱਸਪੀ ਸੇਖੋਂ ਜੋ ਕਿ ਹੁਣ ਮੁਅੱਤਲ ਚੱਲ ਰਹੇ ਹਨ ਉਨ੍ਹਾਂ ਨੇ ਭਾਰਤ ਭੂਸ਼ਣ ਆਸ਼ੂ ਦੇ ਖ਼ਿਲਾਫ਼ ਅਜਿਹੇ ਸਬੂਤ ਸਾਹਮਣੇ ਰੱਖੇ ਹਨ ਜੋ ਕਿ ਪੰਜਾਬ ਦੀ ਸਿਆਸਤ 'ਚ ਭੂਚਾਲ ਪੈਦਾ ਕਰਨ ਲਈ ਕਾਫ਼ੀ ਹਨ। ਇਸ ਤਹਿਤ ਹੀ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਹੈ।
ਸੇਖੋਂ ਨੇ ਦੱਸਿਆ ਕਿ ਮੰਤਰੀ ਆਸ਼ੂ ਆਪਣੇ ਵੱਖ-ਵੱਖ ਬਿਆਨਾਂ 'ਚ ਕਬੂਲ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਫਰਵਰੀ ਮਹੀਨੇ ਵਿੱਚ ਆਪਣੇ ਮਾਪਿਆਂ ਦੀ ਮੌਤ ਦਾ ਬਦਲਾ ਲੈਣ ਦੇ ਲਈ ਨਾ ਸਿਰਫ਼ ਆਪਣੇ ਤਾਏ ਦਾ ਕਤਲ ਕਰਵਾਇਆ ਸੀ ਸਗੋਂ ਗੁੜ ਮੰਡੀ ਸਥਿਤ ਆਪਣੇ ਚਚੇਰੇ ਭਰਾ ਦੀ ਡੇਅਰੀ ਵਿੱਚ ਬੰਬ ਵੀ ਰਖਵਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪਿੰਡ ਅੰਜੂ ਗੜ੍ਹ ਥਾਣਾ ਪਾਇਲ ਵਿਖੇ ਇੱਕ ਮਹਿਲਾ ਹੋਮਗਾਰਡ ਸਮੇਤ ਪੁਲਿਸ ਨੂੰ ਸੂਚਨਾ ਦੇਣ ਵਾਲੇ ਤਿੰਨ ਔਰਤਾਂ ਦੇ ਕਤਲ ਵਿੱਚ ਵੀ ਸ਼ਾਮਿਲ ਸੀ।
ਇਹ ਵੀ ਪੜ੍ਹੋ : ਅਵਾਰਾ ਕੁਤਿਆਂ ਨੇ 14 ਸਾਲਾ ਮਾਸੂਮ ਦੀ ਨੋਚ-ਨੋਚ ਕੇ ਲਈ ਜਾਨ
ਸੇਖੋਂ ਨੇ ਦੱਸਿਆ ਕਿ ਟਾਟਾ ਮਾਮਲੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਨੇ ਖ਼ੁਦ ਇਹ ਬਿਆਨ ਦਿੱਤੇ ਹਨ ਜਿਸ ਵਿੱਚ ਉਨ੍ਹਾਂ ਨੇ ਮੰਨਿਆ ਹੈ ਕਿ ਉਹ ਆਪਣੇ ਚਚੇਰੇ ਭਰਾ ਨਰਿੰਦਰ ਕਾਲੀਆ ਚਾਚਾ ਕ੍ਰਿਸ਼ਨ ਲਾਲ ਗੁਆਂਢੀ ਰਮੇਸ਼ ਕੁਮਾਰ ਉਰਫ਼ ਬਾਬੀ ਨਾਲ ਮਿਲ ਕੇ ਭਿੰਡਰਾਂਵਾਲਾ ਟਾਈਗਰ ਫੋਰਸ ਨਾਲ ਸੰਬੰਧਤ ਅੱਤਵਾਦੀ ਚਰਨਜੀਤ ਉਰਫ਼ ਚੰਨਾ, ਸਵਰਨਜੀਤ ਕੌਰ ਤੇ ਉਸ ਦੇ ਭਰਾ ਜਰਨੈਲ ਸਿੰਘ, ਦਰਸ਼ਨ ਸਿੰਘ ਲਸੋਈ, ਜੱਸਾ ਮੁੱਲਾਪੁਰੀਆ ਉਰਫ ਮਲਕੀਤ ਸਿੰਘ ਹਿੱਸੋਵਾਲ ਦਵਿੰਦਰ ਸਿੰਘ ਪੋਰਟ ਵਰਗੇ ਅੱਤਵਾਦੀਆਂ ਨੂੰ ਨਾ ਸਿਰਫ਼ ਪਨਾਹ ਦਿੰਦਾ ਸੀ ਸਗੋਂ ਉਨ੍ਹਾਂ ਨੂੰ ਹਥਿਆਰ ਵੀ ਮੁਹੱਈਆ ਕਰਵਾਉਂਦਾ ਸੀ। ਇਸ ਤੋਂ ਇਲਾਵਾ ਸੇਖੋਂ ਨੇ ਭਾਰਤ ਭੂਸ਼ਣ ਆਸ਼ੂ ਬਾਰੇ ਹੋਰ ਵੀ ਕਈ ਖ਼ੁਲਾਸੇ ਕੀਤੇ।