ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ 28 ਅਗਸਤ ਨੂੰ ਬੁਲਾਏ ਜਾ ਰਹੇ ਇੱਕ ਰੋਜ਼ਾ ਵਿਧਾਨ ਸਭਾ ਸੈਸ਼ਨ ‘ਤੇ ਟਿੱਪਣੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਜੇਕਰ ਕੋਰੋਨਾ ਦੀਆਂ ਹਦਾਇਤਾਂ ਮੁਤਾਬਕ ਵਿਧਾਨ ਸਭਾ ਸੈਸ਼ਨ ਇੱਕ ਰੋਜ਼ਾ ਲਈ ਬੁਲਾਇਆ ਜਾ ਸਕਦਾ ਹੈ ਤਾਂ 15 ਦਿਨਾਂ ਲਈ ਕਿਉਂ ਨਹੀਂ? ਅਤੇ ਪੰਜਾਬ ਦੇ ਹਰ ਵਰਗ ਦੇ ਮੁੱਦਿਆਂ ਲਈ ਠੋਸ ਕਦਮ ਬਣਾਉਣ ਤੋਂ ਸਰਕਾਰ ਭੱਜ ਰਹੀ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਲਿਖੀ ਚਿੱਠੀ ਵਿੱਚ ‘ਆਪ’ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੰਗ ਕੀਤੀ ਕਿ ਇਸ ਮਾਨਸੂਨ ਸੈਸ਼ਨ ਨੂੰ 15 ਦਿਨਾਂ ਲਈ ਬੁਲਾਇਆ ਜਾਵੇ ਤਾਂ ਜੋ ਹਰ ਮੁੱਦੇ ‘ਤੇ ਗੱਲਬਾਤ ਹੋ ਸਕੇ ਅਤੇ ਲੋਕ ਹਿੱਤਾਂ ਵਿੱਚ ਠੋਸ ਫ਼ੈਸਲੇ ਲਈ ਜਾਣ ਪਰ ਹਾਲਾਤ ਇਹ ਹਨ ਕਿ ਅੱਜ ਕੈਪਟਨ ਸਰਕਾਰ ਕੋਰੋਨਾ ਦੀ ਆੜ ਵਿੱਚ ਲੋਕ ਮਾਰੂ ਨੀਤੀਆਂ ਜਾਰੀ ਕਰ ਰਹੀ ਹੈ। ਇਸ ਦਾ ਆਮ ਆਦਮੀ ਪਾਰਟੀ ਹਮੇਸ਼ਾ ਹੀ ਵਿਰੋਧ ਕਰਦੀ ਆ ਰਹੀ ਹੈ।
ਚਿੱਠੀ ਵਿੱਚ ਅਮਨ ਅਰੋੜਾ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਵਿਧਾਨ ਸਭਾ ਨਿਯਮਾਵਲੀ ਅਤੇ ਕਾਰਜ ਪ੍ਰਣਾਲੀ ਦੀ ਧਾਰਾ 14ਏ ਤਹਿਤ ਸਾਲਾਨਾ ਘੱਟੋ-ਘੱਟ 40 ਬੈਠਕਾਂ ਕਰਨ ਦੀ ਮੰਗ ਕਰਦੀ ਆ ਰਹੀ ਹੈ, ਪਰੰਤੂ ਇਸ ਮਾਨਸੂਨ ਸੈਸ਼ਨ ਵਿੱਚ ਕੋਰੋਨਾ ਦਾ ਬਹਾਨਾ ਬਣਾ ਕੇ ਸਿਰਫ਼ ਇੱਕ ਦਿਨ ਤੱਕ ਸੀਮਤ ਕਰਨਾ ਲੋਕਤੰਤਰ ਦਾ ਘਾਣ ਹੈ। ਉਨਾਂ ਕਿਹਾ ਕਿ ਇਸ ਕੋਰੋਨਾ ਮਹਾਂਮਾਰੀ ਵਿੱਚ ਡਾਕਟਰ, ਸਿਹਤ ਕਾਮੇ, ਸਰਕਾਰੀ ਮੁਲਾਜ਼ਮ, ਵਪਾਰੀ, ਕਾਰੋਬਾਰੀ, ਮੀਡੀਆ ਕਰਮੀਂ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਫਿਰ ਪੰਜਾਬ ਦੇ ਭਲੇ ਲਈ ਮੰਤਰੀ ਅਤੇ ਵਿਧਾਇਕ ਕਿਉਂ ਪਿੱਛੇ ਹੱਟ ਰਹੇ ਹਨ?
ਵਿਧਾਇਕ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਭਲੇ ਲਈ ਗੰਭੀਰ ਨਹੀਂ ਹਨ ਅਤੇ ਨਾ ਹੀ ਇਸ ਬਿਮਾਰੀ ਦੇ ਚੱਲਦੇ ਸੂਬੇ ਵਿੱਚ ਸਿਹਤ ਸਹੂਲਤਾਂ ਵਧੀਆ ਦੇਣ ਦੇ ਉਪਰਾਲੇ ਕਰ ਰਹੇ ਹਨ। ਇਸ ਲਈ ‘ਆਪ’ ਵੱਲੋਂ ਵਿਧਾਨ ਸਭਾ ਸੈਸ਼ਨ ਵਿੱਚ ਇਸ ਮੁੱਦੇ ‘ਤੇ ਸਰਕਾਰ ਤੋਂ ਜਵਾਬ ਤਲਬੀ ਕੀਤੀ ਜਾਵੇਗੀ। ਵਿਧਾਇਕ ਅਮਨ ਅਰੋੜਾ ਨੇ ਸਪੀਕਰ ਤੋਂ ਮੰਗ ਕੀਤੀ ਕਿ ਲੋਕ ਮੁੱਦਿਆਂ ਨੂੰ ਦੇਖਦਿਆਂ ਇਸ ਮੌਨਸੂਨ ਸੈਸ਼ਨ ਵਿੱਚ ਵਾਧਾ ਕਰਕੇ 15 ਦਿਨਾਂ ਦਾ ਕੀਤਾ ਜਾਵੇ ਤਾਂ ਜੋ ਹਰ ਵਰਗ ਦੇ ਲਈ ਸਹੀ ਫ਼ੈਸਲੇ ਲਏ ਜਾਣ।