ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਵੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸੰਕੇਤ ਦਿੱਤਾ ਹੈ ਕਿ ਪੰਜਾਬ ਸਰਕਾਰ ਇਸ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਸੂਬੇ ਵਿੱਚ ਹੋਰ ਸਖ਼ਤੀ ਕਰੇਗੀ।
ਐਤਵਾਰ ਨੂੰ 'ਕੈਪਟਨ ਨੂੰ ਸਵਾਲ' ਦੇ 10ਵੇਂ ਐਡੀਸ਼ਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੋਮਵਾਰ ਨੂੰ ਸਮਾਜਿਕ ਇੱਕਠ 'ਤੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨਾਲੋਂ ਪੰਜਾਬ ਦੀ ਸਥਿਤੀ ਬਿਹਤਰ ਹੈ ਪਰ ਇਸ ਮਹਾਂਮਾਰੀ 'ਤੇ ਹਾਲੇ ਰੋਕ ਨਹੀਂ ਲੱਗੀ ਹੈ।
ਟੈਸਟਿੰਗ ਵਧਣ ਕਾਰਨ ਕੋਰੋਨਾ ਮਾਮਲਿਆਂ 'ਚ ਇਜ਼ਾਫ਼ਾ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਟੈਸਟਿੰਗ ਵਧਾਉਣ ਕਾਰਨ ਕੋਰੋਨਾ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।
ਪੰਜਾਬ ਨੂੰ ਦਿੱਲੀ ਜਾਂ ਮੁੰਬਈ ਨਹੀਂ ਬਣਨ ਦੇਣਾ
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਵਿੱਚ ਇਸ ਮਹਾਂਮਾਰੀ ਕਾਰਨ ਹਾਲਾਤ ਵਿਗੜਨ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਨੂੰ ਮੁੰਬਈ ਜਾਂ ਦਿੱਲੀ ਨਹੀਂ ਬਣਨ ਦੇਣਗੇ।
ਸਕੂਲ ਫ਼ੀਸ ਮਾਮਲੇ 'ਤੇ ਬੋਲੇ ਕੈਪਟਨ
ਕੈਪਟਨ ਅਮਰਿੰਦਰ ਨੇ ਇੱਕ ਵਾਰ ਮੁੜ ਮਾਪਿਆਂ ਦਾ ਸਾਥ ਦੇਣ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਸਕੂਲਾਂ ਵੱਲੋਂ ਫ਼ੀਸ ਵਸੂਲਣਾ ਨਾਜਾਇਜ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਸਕੂਲ ਬੰਦ ਪਏ ਹਨ ਤਾਂ ਫ਼ੀਸਾਂ ਵਸੂਲਣਾ ਸਹੀ ਨਹੀਂ ਹੈ।
ਸੂਬੇ 'ਚ ਵੰਡੇ ਜਾਣਗੇ ਮੁਫ਼ਤ ਮਾਸਕ
ਮੁੱਖ ਮੰਤਰੀ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਐਲਾਨ ਕੀਤਾ ਹੈ ਕਿ ਸੂਬੇ ਭਰ ਵਿੱਚ ਮੁਫ਼ਤ ਮਾਸਕ ਵੰਡੇ ਜਾਣਗੇ।
ਤੁਲੀ ਲੈਬ ਮਾਮਲੇ 'ਚ ਐਸਆਈਟੀ ਦਾ ਐਲਾਨ
ਤੁਲੀ ਲੈਬ ਵਿੱਚ ਹੋਏ ਘਪਲੇ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਐਸਆਈਟੀ ਕਰੇਗੀ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਦੇ ਮੁਸ਼ਕਲ ਦੌਰ ਵਿੱਚ ਉਹ ਨਿਜੀ ਹਸਪਤਾਲਾਂ ਤੇ ਲੈਬਜ਼ ਨੂੰ ਮੁਨਾਫਾ ਖ਼ੱਟਣ ਨਹੀਂ ਦੇਣਗੇ।
ਸਿੱਖਿਆ ਵਿਭਾਗ ਨੂੰ ਨਿਰਦੇਸ਼
ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਜੋ ਵਿਦਿਆਰਥੀ ਆਨ-ਲਾਈਨ ਕਲਾਸਾਂ ਲਗਾਉਣ ਵਿੱਚ ਅਸਮਰਥ ਹਨ, ਉਨ੍ਹਾਂ ਦੀ ਨਿਰਵਿਘਨ ਪੜਾਈ ਲਈ ਉਪਰਾਲੇ ਕੀਤੇ ਜਾਣ।
ਹਰਿਆਣਾ ਵਾਂਗ ਨੌਕਰੀਆਂ 'ਚ ਕੋਟੇ ਤੋਂ ਇਨਕਾਰ
ਬੀਤੇ ਦਿਨੀਂ ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਲਈ ਨੌਕਰੀਆਂ 'ਚ ਰਾਖ਼ਵਾਂਕਰਨ ਐਲਾਨਣ ਨੂੰ ਜਾਇਜ਼ ਨਾ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਇਸ ਤਰ੍ਹਾਂ ਦਾ ਸਿਸਟਮ ਨਹੀਂ ਲਾਗੂ ਕੀਤਾ ਜਾਵੇਗਾ। ਇਸ ਫੈਸਲੇ ਨੂੰ ਗੈਰਸੰਵਿਧਾਨਕ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਇਸ ਨੂੰ ਖ਼ਾਰਜ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਦੇਸ਼ ਭਰ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਨੌਕਰੀਆਂ ਕਰ ਰਹੇ ਹਨ। ਇਸੇ ਤਰ੍ਹਾਂ ਹੋਰਨਾਂ ਸੂਬਿਆਂ ਦੇ ਨੌਜਵਾਨਾਂ ਨੂੰ ਪੰਜਾਬ ਵਿੱਚ ਰੁਜ਼ਗਾਰ ਦੇਣ 'ਤੇ ਪਾਬੰਦੀ ਲਗਾਉਣਾ ਗ਼ਲਤ ਹੋਵੇਗਾ।