ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਠੰਡੀ ਜੰਗ ਸ਼ੁਰੂ ਹੋ ਗਈ ਹੈ। ਕਾਂਗਰਸ ਹਾਈ ਕਮਾਂਡ ਨੇ ਸਿੱਧੂ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਸਨ। ਜਦੋਂ ਕਿ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਚਾਰ ਸਲਾਹਕਾਰ ਨਿਯੁਕਤ ਕੀਤੇ ਸਨ।
ਜਿਨ੍ਹਾਂ ਵਿੱਚੋਂ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ, ਰਾਜ ਸਭਾ ਮੈਂਬਰ ਡਾ. ਅਮਰ ਸਿੰਘ, ਸੀਨੀਅਰ ਪੱਤਰਕਾਰ ਮਾਲਵਿੰਦਰ ਸਿੰਘ ਅਤੇ ਬੁੱਧੀਜੀਵੀ ਡਾਕਟਰ ਪਿਆਰੇਲਾਲ ਗਰਗ ਸ਼ਾਮਲ ਸਨ। ਅੱਜ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਬਣਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੁਹੰਮਦ ਮੁਸਤਫ਼ਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸੀਨੀਅਰ ਪੱਤਰਕਾਰ ਮਾਲਵਿੰਦਰ ਸਿੰਘ ਨੇ ਕਿਹਾ, ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਤਜ਼ਰਬੇ ਦੇ ਅਨੁਸਾਰ ਹਰ ਸਲਾਹ ਦੇਣਗੇ, ਚਾਹੇ ਉਹ ਸਿਆਸੀ ਹੋਵੇ ਜਾਂ ਫਿਰ ਪੰਜਾਬ ਨੂੰ ਅੱਗੇ ਲਿਜਾਣ ਦੀ ਗੱਲ ਹੋਵੇ।
ਮਾਲਵਿੰਦਰ ਸਿਘ ਪਹਿਲਾਂ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਸਲਾਹਕਾਰ ਵੀ ਰਹੇ ਚੁੱਕੇ ਹਨ। ਇਸ ਲਈ ਰਾਜਨੀਤਕ ਗਲਿਆਰਿਆਂ ਵਿੱਚ ਚਰਚਾ ਹੈ, ਕਿ ਨਵਜੋਤ ਸਿੰਘ ਸਿੱਧੂ ਆਪਣੇ ਸਮਰਥਕ ਨੂੰ ਵਧਾਉਣ ਲਈ ਕਿਸੇ ਨੂੰ ਵੀ ਆਪਣੇ ਨਾਲ ਜੋੜ ਰਹੇ ਹਨ।
ਉਧਰ ਬੁੱਧੀਜੀਵੀ ਡਾ: ਪਿਆਰੇਲਾਲ ਗਰਗ ਨੇ ਕਿਹਾ, ਕਿ ਕੱਲ੍ਹ ਸਵੇਰੇ 10:00 ਵਜੇ ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਫ਼ੋਨ ਕੀਤਾ ਸੀ, ਅਤੇ ਕਿਹਾ ਸੀ, ਕਿ ਉਹ ਵੀ ਪੰਜਾਬ ਲਈ ਕੰਮ ਕਰਨਾ ਚਾਹੁੰਦੇ ਹਨ, ਅਤੇ ਉਨ੍ਹਾਂ ਨੂੰ ਆਪਣੇ ਨਾਲ ਕੰਮ ‘ਤੇ ਲਿਆਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ:ਨਵਜੋਤ ਸਿੰਘ ਸਿੱਧੂ ਨੇ ਆਪਣੇ ਚਾਰ ਸਲਾਹਕਾਰ ਕੀਤੇ ਨਿਯੁਕਤ, ਜਾਣੋ ਕੌਣ ਨੇ ਸਿੱਧੂ ਦੇ ਸਲਾਹਕਾਰ