ਗੁਰਦਾਸਪੁਰ: ਦੀਨਾਨਗਰ ਪੁਲਿਸ ਨੇ ਸ਼ੋਮਣੀ ਅਕਾਲੀ ਦਲ ਦੇ ਵਰਕਰ ਨੂੰ 3 ਸ਼ਰਾਬ ਦੀਆਂ ਪੇਟੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਅਕਾਲੀ ਦਲ ਵਰਕਰ ਦਾ ਪਰਿਵਾਰ ਅਤੇ ਪਿੰਡ ਵਾਸੀ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਕਾਂਗਰਸ ਦੇ ਲੀਡਰ ਦੇ ਕਹਿਣ 'ਤੇ ਜਾਣਬੁੱਝ ਤੇ ਫਸਾ ਰਹੀ ਹੈ।
ਪੁਲਿਸ ਨੇ ਗੁਪਤ ਸੂਚਨਾ ਮਿਲਣ 'ਤੇ ਦੀਨਾਨਗਰ ਦੇ ਪਿੰਡ ਢਿੱਡਾਂ ਸੈਣੀ ਮੋੜ 'ਤੇ ਨਾਕੇਬੰਦੀ ਕਰ 2 ਵਿਅਕਤੀਆਂ ਨੂੰ 3 ਪੇਟੀਆਂ ਨਜ਼ਾਇਜ ਅੰਗਰੇਜ਼ੀ ਸ਼ਰਾਬ ਸਮੇਤ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਇੱਕ ਵਿਅਕਤੀ ਦਲਬੀਰ ਸਿੰਘ ਬਿੱਲਾ ਵਾਸੀ ਭਟੋਆ ਨੂੰ ਗੁਰਦਾਸਪੁਰ ਸ਼ਹਿਰ ਤੋਂ ਚੁੱਕਿਆ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਵਰਕਰ ਹੈ।
ਪੀੜ੍ਹਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੁਲਿਸ ਤੇ ਦੋਸ਼ ਲਗਾਏ ਹਨ ਕਿ ਪੁਲਿਸ ਨੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਕਹਿਣ 'ਤੇ ਅਕਾਲੀ ਵਰਕਰ ਦਲਬੀਰ ਸਿੰਘ ਬਿੱਲਾ ਨੂੰ ਇਸ ਕੇਸ ਵਿੱਚ ਫ਼ਸਾਇਆ ਜਾ ਰਿਹਾ ਹੈ ਕਿਉਂਕਿ ਇਸ ਨੇ ਅਕਾਲੀ ਦਲ ਵੱਲੋਂ ਬਲਾਕ ਸੰਮਤੀ ਦੀ ਚੋਣ ਲੜੀ ਸੀ, ਜਿਸ ਕਰਕੇ ਕਾਂਗਰਸ ਦੇ ਹਲਕਾ ਵਿਧਾਇਕ ਇਸ ਤੋਂ ਨਾਰਾਜ਼ ਚੱਲ ਰਹੇ ਸਨ। ਫ਼ਿਲਹਾਲ ਪੁਲਿਸ ਨੇ ਅਕਾਲੀ ਦਲ ਦੇ ਵਰਕਰ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਭਾਰਤ ਨੂੰ ਅੱਖਾਂ ਵਿਖਾਉਣ ਤੋਂ ਪਹਿਲਾਂ ਆਪਣੀ ਜ਼ਮੀਨ 'ਤੇ ਅੱਤਵਾਦੀਆਂ ਨੂੰ ਸਾਂਭੋ: ਅਮਰੀਕਾ
ਅਕਾਲੀ ਵਰਕਰ ਦੇ ਭਰਾ ਜੋਗਾ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਦਲਬੀਰ ਸਿੰਘ ਬਿੱਲਾ ਵਾਸੀ ਭਟੋਆ ਕਿਸੇ ਨਿੱਜੀ ਕੰਮ ਲਈ ਗੁਰਦਾਸਪੁਰ ਗਿਆ ਹੋਇਆ ਸੀ ਅਤੇ ਪੁਲਿਸ ਨੇ ਰਸਤੇ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਕੇਸ ਵਿੱਚ ਅਕਾਲੀ ਹੋਣ ਕਾਰਨ ਉਨ੍ਹਾਂ ਦੇ ਭਰਾ ਦਲਬੀਰ ਸਿੰਘ ਬਿੱਲਾ ਨੂੰ ਜਾਣਬੁੱਝ ਕੇ ਪੁਲਿਸ ਫਸਾ ਰਹੀ ਹੈ ਅਤੇ ਇਹ ਸਭ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਕਹਿਣ 'ਤੇ ਕੀਤਾ ਜਾ ਰਿਹਾ ਹੈ ਇਸ ਲਈ ਪੀੜ੍ਹਤ ਪਰਿਵਾਰ ਦੀ ਮੰਗ ਹੈ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।
ਦੂਜੇ ਪਾਸੇ ਦੀਨਾਨਗਰ ਥਾਣੇ ਦੇ ਐਸ.ਐਚ.ਓ. ਬਲਦੇਵ ਰਾਜ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਤਿੰਨੇ ਵਿਅਕਤੀ ਨਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦੇ ਹਨ ਜਿਨ੍ਹਾਂ ਵਿਚ ਦਲਬੀਰ ਸਿੰਘ ਬਿੱਲਾ ਵੀ ਸ਼ਾਮਲ ਹੈ, ਇਸ ਲਈ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਉਪਰ ਕੋਈ ਨਜਾਇਜ਼ ਮਾਮਲਾ ਦਰਜ ਨਹੀਂ ਕੀਤਾ।