ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਬੈਠਕ ਸ਼ਹਿਰ ਦੇ ਮੁੱਖ ਦਫ਼ਤਰ 'ਚ ਹੋਈ। ਇਸ ਬੈਠਕ 'ਚ ਇੱਕ ਅਹਿਮ ਫੈਸਲਾ ਲੈਂਦੇ ਹੋਏ ਪਾਰਟੀ ਨੇ ਸੁਖਦੇਵ ਸਿੰਘ ਢੀਂਡਸਾ ਤੇ ਪਰਵਿੰਦਰ ਸਿੰਘ ਢੀਂਡਸਾ ਨੂੰ ਸੰਸਪੈਂਡ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਦੋਹਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ, ਜਿਸ 'ਚ ਉਨ੍ਹਾਂ ਕੋਲੋ 2 ਹਫ਼ਤੇ 'ਚ ਸਪੱਸ਼ਟੀਕਰਨ ਮੰਗਿਆ ਹੈ। ਪਾਰਟੀ ਦੇ ਬੁਲਾਰੇ ਦਲਜੀਤ ਚੀਮਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਇਹ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਲਿਆ ਗਿਆ ਹੈ। ਇਸ ਦੌਰਾਨ ਬੈਠਕ 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ। ਇਹ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਕਿ ਸਿਕੰਦਰ ਸਿੰਘ ਮਲੂਕਾ ਨੂੰ ਸੰਗਰੂਰ ਜ਼ਿਲ੍ਹੇ ਦਾ ਓਬਜ਼ਰਵਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਪਿਛਲੀ ਦਿਨੀਂ ਹੋਏ ਬਿਜਲੀ ਘੋਟਾਲੇ 'ਤੇ 15 ਜਨਵਰੀ ਨੂੰ ਅਕਾਲੀ ਦਲ ਦਾ ਇੱਕ ਵਫ਼ਦ ਰਾਜਪਾਲ ਨਾਲ ਮੁਲਾਕਾਤ ਕਰੇਗਾ।
ਜਾਣੋਂ, ਬੈਠਕ ਦੀਆਂ ਅਹਿਮ ਗੱਲਾਂ
- ਦਿੱਲੀ 'ਚ ਕੌਰ ਕਮੇਟੀ ਮੈਂਬਰ ਦਾ ਇੱਕ ਵਫ਼ਦ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗਾ। ਸ਼ਾਹ ਨਾਲ ਇਹ ਮੁਲਾਕਾਤ ਨਨਕਾਣਾ ਸਾਹਿਬ ਅਟੈਕ, ਘੱਟ ਗਿਣਤੀ 'ਤੇ ਹੋ ਰਹੇ ਹਮਲੇ ਸਬੰਧੀ ਤੇ ਭਾਈ ਬਲਵੰਤ ਰਾਜੋਆਣਾ ਦੀ ਫਾਂਸੀ ਦੇ ਮਾਮਲੇ ਸਮੇਤ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਸ਼ਤਾਬਦੀ ਦਿਵਸ ਨੂੰ ਵੱਡੇ ਪੱਧਰ 'ਤੇ ਮਨਾਉਣ ਬਾਰੇ ਵਿਚਾਰ ਵਟਾਂਦਰਾਂ ਕਰਨ ਲਈ ਕੀਤੀ ਜਾਵੇਗੀ।
- ਇਸ ਤੋਂ ਇਲਾਵਾ ਅਕਾਲੀ ਦਲ 28 ਜਨਵਰੀ ਫਰੀਦਕੋਟ, 2 ਫਰਵਰੀ ਸੰਗਰੂਰ, 16 ਫਰਵਰੀ ਨੂੰ ਬਠਿੰਡਾ ਵਿਖੇ ਧਰਨਾ ਦਵੇਗਾ।
- ਬੈਠਕ 'ਚ ਪੰਜਾਬ ਦੇ ਲੋਕਾਂ ਦੀਆਂ ਸਮੱਸਿਆ ਵਾਸਤੇ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਨਾਲ ਸੁਖਬੀਰ ਬਾਦਲ ਮੁਲਾਕਾਤ ਕਰ ਸਮੱਸਿਆਵਾਂ ਬਾਰੇ ਪੁੱਛਣਗੇ।