ਚੰਡੀਗੜ੍ਹ: ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮੰਗ ਕੀਤੀ ਗਈ ਤਾਂ ਜੋ ਸੂਬੇ ਦੀ ਆਰਥਿਕ ਸਥਿਤੀ ਸਹੀ ਹੋ ਸਕੇ। ਇਸ ਤੋਂ ਬਾਅਦ ਵਿਰੋਧੀ ਕੈਪਟਨ 'ਤੇ ਇਹ ਕਹਿੰਦਿਆਂ ਨਿਸ਼ਾਨੇ ਸਾਧ ਰਹੇ ਹਨ ਕਿ ਇਸ ਨਾਲ ਸੂਬੇ ਦੇ ਲੋਕਾਂ ਨੂੰ ਮੁੜ ਨਸ਼ੇ ਦੇ ਦਲਦਲ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਸਬੰਧੀ ਈਟੀਵੀ ਭਾਰਤ ਨੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਮੁੱਖ ਮੰਤਰੀ ਦੀ ਇਸ ਮੰਗ ਨੂੰ ਜਾਇਜ਼ ਠਹਿਰਾਇਆ। ਧਰਮਸੋਤ ਨੇ ਤਰਕ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਕੋਈ ਮਾੜਾ ਨਸ਼ਾ ਨਾ ਕਰ ਲਵੇ ਇਸ ਕਾਰਨ ਠੇਕੇ ਖੋਲ੍ਹਣ ਦੀ ਇਜਾਜ਼ਤ ਮੰਗੀ ਗਈ ਹੈ।
ਉਨ੍ਹਾਂ ਕਿਹਾ ਕਿ ਦਿਨ ਦੇ ਵਿੱਚ ਕੁੱਝ ਘੰਟੇ ਸ਼ਰਾਬ ਦੇ ਠੇਕੇ ਖੁੱਲ੍ਹਣ ਦੇ ਨਾਲ ਜਿੱਥੇ ਸੂਬੇ ਦਾ ਆਰਥਿਕ ਮਾਲੀਆ ਵਧੇਗਾ ਉੱਥੇ ਹੀ ਕਰਮਚਾਰੀਆਂ ਨੂੰ ਤਨਖ਼ਾਹ ਅਤੇ ਭੱਤੇ ਦੇਣ ਵਿੱਚ ਮਦਦ ਮਿਲੇਗੀ।ਆਨਲਾਈਨ ਸ਼ਰਾਬ ਦੀ ਹੋਮ ਡਿਲੀਵਰੀ ਦੇ ਖ਼ਿਲਾਫ਼ ਬੋਲਦਿਆਂ ਧਰਮਸੋਤ ਨੇ ਕਿਹਾ ਕਿ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਜੇਕਰ ਪਰਮਿਸ਼ਨ ਮਿਲਦੀ ਹੈ ਤਾਂ ਪਿੰਡ ਦੇ ਸਰਪੰਚ ਅਤੇ ਵਾਰਡ ਦੇ ਐੱਮਸੀ ਦੇ ਸਾਈਨ ਰਾਹੀਂ ਸ਼ਰਾਬ ਖਰੀਦਣ ਵਾਲੇ ਨੂੰ ਇੱਕ ਬੋਤਲ ਦਿੱਤੀ ਜਾਵੇ ਤਾਂ ਜੋ ਬਲੈਕ ਕਰਨ ਵਾਲਿਆਂ 'ਤੇ ਵੀ ਨਕੇਲ ਕੱਸੀ ਜਾਵੇਗੀ?
ਇਸ ਤੋਂ ਇਲਾਵਾ ਸਾਧੂ ਸਿੰਘ ਧਰਮਸੋਤ ਮੁਤਾਬਕ ਸਰਕਾਰ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਜਿਸਦੇ ਵਿੱਚ ਪਤਾ ਲੱਗਿਆ ਕਿ ਸ਼ਹਿਰਾਂ ਦੇ ਸਲਮ ਖੇਤਰਾਂ ਦੇ ਵਿੱਚ ਹਰ ਰੋਜ਼ ਮਜ਼ਦੂਰੀ ਕਰਨ ਵਾਲਿਆਂ ਨੂੰ ਸ਼ਰਾਬ ਦੀ ਜ਼ਰੂਰਤ ਰਹਿੰਦੀ ਹੈ।
ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੀਤੇ ਦਿਨੀਂ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਸੂਬੇ ਦੇ ਮਾੜੇ ਵਿੱਤੀ ਹਾਲਾਤਾਂ ਦਾ ਹਵਾਲਾ ਦਿੰਦਿਆਂ ਵੈਟ ਅਤੇ ਆਬਕਾਰੀ ਮਾਲੀਆ ਜੋੜਨ ਲਈ ਸੂਬੇ ਵਿੱਚ ਪੜਾਅਵਾਰ ਤਰੀਕੇ ਨਾਲ ਸ਼ਰਾਬ ਵੇਚਣ ਦੀ ਆਗਿਆ ਮੰਗੀ ਸੀ। ਕੈਪਟਨ ਨੇ ਕਿਹਾ ਕਿ ਕੇਂਦਰ ਨੂੰ ਸੂਬੇ ਦੇ ਕੁੱਝ ਇਲਾਕਿਆਂ ਵਿੱਚ ਸਮਾਜਿਕ ਦੂਰੀ ਅਤੇ ਹੋਰ ਸੁਰੱਖਿਆ ਕਦਮਾਂ ਰਾਹੀਂ ਕੋਵਿਡ-19 ਤੋਂ ਬਚਾਅ ਰੱਖਿਦਆਂ ਪੜਾਅਵਾਰ ਤਰੀਕੇ ਨਾਲ ਸ਼ਰਾਬ ਵੇਚਣ ਦੀ ਮਨਜ਼ੂਰੀ ਦਿੱਤੀ ਜਾਵੇ।