ਚੰਡੀਗੜ੍ਹ: ਪੰਜਾਬ ਵਿੱਚ ਚੋਣ ਕਮਿਸ਼ਨ ਹਰਕਤ ਵਿੱਚ ਆ ਗਿਆ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਚੱਲਦਿਆਂ ਡੀਜੀਪੀ ਨੇ 77 ਪੁਲਿਸ ਇੰਸਪੈਕਟਰਾਂ ਦੇ ਤਬਾਦਲੇ ਕੀਤੇ ਹਨ। ਸਾਰੇ ਇੰਸਪੈਕਟਰਾਂ ਨੂੰ ਤੁਰੰਤ ਨਵੀਂ ਥਾਂ 'ਤੇ ਜੁਆਇਨ ਕਰਕੇ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ। ਕਮਿਸ਼ਨ ਦੇ ਹੁਕਮਾਂ 'ਤੇ ਤਬਾਦਲਿਆਂ 'ਚ ਹੋਏ ਫੇਰਬਦਲ ਦਾ ਅਸਰ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ 'ਚ ਜ਼ਿਆਦਾ ਦੇਖਣ ਨੂੰ ਮਿਲਿਆ।
ਇੱਥੇ ਕਮਿਸ਼ਨਰੇਟ ਵਿੱਚ ਪੁਲਿਸ ਇੰਸਪੈਕਟਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬਾਰਡਰ ਰੇਂਜ ਦੇ ਥਾਣੇਦਾਰ ਵੀ ਬਦਲੇ ਗਏ ਹਨ। ਚੋਣ ਕਮਿਸ਼ਨ ਦੀ ਇਸ ਕਾਰਵਾਈ ਕਾਰਨ ਹੁਣ ਪੰਜਾਬ ਦੇ ਵੱਡੇ ਪੁਲਿਸ ਅਫ਼ਸਰਾਂ ਵਿੱਚ ਵੀ ਹਲਚਲ ਮਚ ਗਈ ਹੈ, ਜੋ ਲੰਬੇ ਸਮੇਂ ਤੋਂ ਇੱਕੋ ਜ਼ਿਲ੍ਹੇ ਜਾਂ ਸ਼ਹਿਰ ਵਿੱਚ ਫਸੇ ਹੋਏ ਹਨ।
ਮੁੱਖ ਚੋਣ ਕਮਿਸ਼ਨਰ ਨੇ ਕੀਤੀ ਮੀਟਿੰਗ
ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ 3 ਸ਼ਹਿਰਾਂ ਦੇ ਪੁਲਿਸ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਸੀ। ਇਹ ਬੈਠਕ ਕਰੀਬ 4 ਘੰਟੇ ਚੱਲੀ ਸੀ ਜਿਸ ਤੋਂ ਬਾਅਦ ਚੰਦਰਾ ਨੇ ਕਿਹਾ ਕਿ 4 ਘੰਟਿਆਂ 'ਚ ਉਨ੍ਹਾਂ ਨੇ ਅਫਸਰਾਂ ਨੂੰ ਸਹੀ ਤਰ੍ਹਾਂ ਦੇਖਿਆ ਹੈ। ਚੋਣਾਂ ਵਿੱਚ ਗੜਬੜੀ ਕਰਨ ਵਾਲੇ ਨੂੰ ਡਿਊਟੀ ’ਤੇ ਨਹੀਂ ਲਾਇਆ ਜਾਵੇਗਾ।
ਮੰਨਿਆ ਜਾ ਰਿਹਾ ਹੈ ਕਿ ਕਮਿਸ਼ਨ ਨੇ ਸਿਆਸੀ ਪਾਰਟੀਆਂ ਅਤੇ ਆਗੂਆਂ ਪ੍ਰਤੀ ਅਧਿਕਾਰੀਆਂ ਦੇ ਪੱਖਪਾਤੀ ਰਵੱਈਏ ਦੀ ਵੀ ਜਾਂਚ ਕੀਤੀ ਹੈ, ਜਿਸ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੁੰਦੇ ਹੀ ਪੁਲਿਸ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ ਹੋ ਸਕਦੇ ਹਨ।
ਇਹ ਵੀ ਪੜੋ: ਕਿਸਾਨ ਆਗੂ ਗੁਰਨਾਮ ਚੜੂਨੀ ਨੇ ਸੰਯੁਕਤ ਸੰਘਰਸ਼ ਪਾਰਟੀ ਦਾ ਕੀਤਾ ਐਲਾਨ
ਚਟੋਪਾਧਿਆਏ ਨੇ DGP Punjab ਦਾ ਚਾਰਜ ਸੰਭਾਲਿਆ
1986 ਬੈਚ ਦੇ ਆਈਪੀਐਸ ਅਧਿਕਾਰੀ ਸਿਧਾਰਥ ਚਟੋਪਾਧਿਆਏ (IPS Sidharth Chattopadhayay) ਨੇ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (Director General of Police) ਦਾ ਵਾਧੂ ਚਾਰਜ ਸੰਭਾਲ ਲਿਆ। ਉਨ੍ਹਾਂ ਆਈਪੀਐਸ ਇਕਬਾਲ ਪ੍ਰੀਤ ਸਿੰਘ ਸਹੋਤਾ (IPS Iqbal Preet Singh Sahota) ਦੀ ਥਾਂ ਲਈ ਹੈ।