ਚੰਡੀਗੜ੍ਹ: ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਖ਼ਿਲਾਫ਼ ਡਰੱਗ ਰੈਕੇਟ ਮਾਮਲੇ (Drug racket case) ਵਿੱਚ ਸ਼ਾਮਲ ਹੋਣ ਦਾ ਕੇਸ ਦਰਜ ਹੋਣ ਤੋਂ ਬਾਅਦ ਪੰਜਾਬ ਪੁਲਿਸ (Punjab Police) ਹੁਣ ਤੱਕ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ। ਇਸ ਲਈ ਮਜੀਠੀਆ ਦੀ ਗ੍ਰਿਫਤਾਰੀ ਲਈ ਯਤਨ ਤੇਜ਼ ਕਰਦੇ ਹੋਏ ਡੀਜੀਪੀ ਸਿਧਾਰਥ ਚਟੋਪਾਧਿਆਏ (DGP Siddharth Chattopadhyay) ਨੇ ਚਾਰ ਹੋਰ ਟੀਮਾਂ ਦਾ ਗਠਨ ਕੀਤਾ ਹੈ, ਤਾਂ ਜੋ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਅਦਾਲਤੀ ਕਾਰਵਾਈ ਕੀਤੀ ਜਾ ਸਕੇ।
ਇਹ ਟੀਮਾਂ ਪਹਿਲਾਂ ਬਣਾਈਆਂ ਗਈਆਂ 7 ਟੀਮਾਂ ਤੋਂ ਇਲਾਵਾ ਹੋਣਗੀਆਂ, ਜੋ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਯੂਪੀ ਅਤੇ ਐਮਪੀ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ।
ਅਜੇ ਤੱਕ ਪੁਲਿਸ ਨੂੰ ਕੋਈ ਸਫਲਤਾ ਨਹੀਂ ਮਿਲੀ ਹੈ ਪਰ ਤਲਾਸ਼ੀ ਮੁਹਿੰਮ ਜਾਰੀ ਹੈ। ਪੰਜਾਬ ਵਿੱਚ ਹੁਣ ਤੱਕ ਤਸਕਰੀ ਵਿੱਚ ਸ਼ਾਮਿਲ 66,000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ 51,000 ਕੇਸ ਦਰਜ ਕੀਤੇ ਗਏ ਹਨ।
ਟੀਮਾਂ ਸਬੂਤਾਂ ਤੋਂ ਲੈ ਕੇ ਜਾਇਦਾਦ ਤੱਕ ਦਾ ਵੇਰਵਾ ਇਕੱਠਾ ਕਰਨਗੀਆਂ...
- ਪਹਿਲੀ ਟੀਮ: ਅਦਾਲਤੀ ਕਾਰਵਾਈ ਦੇ ਦਸਤਾਵੇਜ਼ ਅਤੇ ਸਬੂਤ ਤਿਆਰ ਕਰੇਗੀ।
- ਦੂਜੀ ਟੀਮ: ਦੂਜੀ ਟੀਮ ਜਾਇਦਾਦ ਦੇ ਵੇਰਵੇ ਇਕੱਠੇ ਕਰੇਗੀ।
- ਤੀਜੀ ਟੀਮ: ਤੀਜੀ ਟੀਮ ਉੱਤਰੀ ਭਾਰਤ ਦੀ ਪੁਲਿਸ ਨਾਲ ਤਾਲਮੇਲ ਕਰੇਗੀ।
- ਚੌਥੀ ਟੀਮ: ਸਾਰੀਆਂ ਟੀਮਾਂ ਨਾਲ ਤਾਲਮੇਲ ਕਰਨਾ ਅਤੇ ਰੋਜ਼ਾਨਾ ਰਿਪੋਰਟ ਦੇਵੇਗੀ।
ਦੱਸ ਦੇਈਏ ਕਿ ਮੋਹਾਲੀ ਦੀ ਜ਼ਿਲਾ ਅਦਾਲਤ ਨੇ ਬਿਕਰਮ ਮਜੀਠੀਆ (Bikram Singh Majithia) ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਉਸ ਕੋਲ ਪੰਜਾਬ ਹਰਿਆਣਾ ਹਾਈ ਕੋਰਟ (Punjab Haryana High Court) ਜਾਣ ਦਾ ਰਸਤਾ ਬਚਿਆ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ, ਬਿਕਰਮ ਮਜੀਠੀਆ ਖ਼ਿਲਾਫ਼ ਮਾਮਲਾ ਦਰਜ
ਹਾਲਾਂਕਿ ਜਾਣਕਾਰੀ ਅਨੁਸਾਰ ਬਿਕਰਮ ਮਜੀਠੀਆ ਦੀ ਕਾਨੂੰਨੀ ਟੀਮ ਉਸ ਨੂੰ ਅਗਾਊਂ ਜ਼ਮਾਨਤ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਜੇਕਰ ਸਿਆਸੀ ਤੌਰ 'ਤੇ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਲਗਾਤਾਰ ਜਨਤਕ ਮੰਚਾਂ 'ਤੇ ਮਜੀਠੀਆ ਦੀ ਗ੍ਰਿਫਤਾਰੀ 'ਤੇ ਜ਼ੋਰ ਦੇ ਰਹੇ ਹਨ ਅਤੇ ਆਪਣੀ ਹੀ ਸਰਕਾਰ 'ਤੇ ਵੀ ਸਵਾਲ ਖੜ੍ਹੇ ਕਰ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਕੀ ਬਿਕਰਮ ਮਜੀਠੀਆ ਹਾਈਕੋਰਟ (High Court) ਤੋਂ ਅਗਾਊਂ ਜ਼ਮਾਨਤ ਲੈਣ 'ਚ ਕਾਮਯਾਬ ਹੁੰਦਾ ਹੈ ਜਾਂ ਉਸ ਤੋਂ ਪਹਿਲਾਂ ਹੀ ਗ੍ਰਿਫਤਾਰ ਹੁੰਦਾ ਹੈ।
ਇਹ ਵੀ ਪੜ੍ਹੋ: ਬਿਕਰਮ ਮਜੀਠੀਆ ਦੀ ਜਮਾਨਤ ਅਰਜੀ ਖਾਰਜ