ਚੰਡੀਗੜ੍ਹ: ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀਆਂ ਵੱਲੋਂ ਨਵਾਂ ਸਾਲ ਚੜ੍ਹਦੇ ਹੀ ਆਪੋ-ਆਪਣੇ ਵਿਭਾਗ ਦੀਆਂ ਪ੍ਰਾਪਤੀਆਂ ਬਾਬਤ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਇਸੇ ਕੜੀ 'ਚ ਸੂਬੇ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰ ਆਪਣੇ ਵਿਭਾਗ ਦੀਆਂ ਪ੍ਰਾਪਤੀਆਂ ਦੱਸਿਆ।
ਇਸ ਦੌਰਾਨ ਰਜ਼ੀਆ ਸੁਲਤਾਨਾ ਪੱਤਰਕਾਰਾਂ ਦੇ ਸਵਾਲਾਂ ਤੋਂ ਰਜ਼ੀਆ ਸੁਲਤਾਨਾ ਬਚਦੀ ਨਜ਼ਰ ਆਈ। ਮੀਡੀਆ ਵੱਲੋਂ ਨਵੀਆਂ ਬੱਸਾਂ ਖ਼ਰੀਦੇ ਜਾਣ ਦੇ ਸਵਾਲ ਦਾ ਜਵਾਬ ਦਿੰਦੇ ਹੋਏ, ਰਜ਼ੀਆ ਸੁਲਤਾਨਾ ਨੇ ਕਿਹਾ ਕਿ ਭਾਵੇਂ ਲੋਨ ਲੈਣਾ ਪਵੇ ਪਰ ਉਨ੍ਹਾਂ ਦੇ ਵਿਭਾਗ ਵੱਲੋਂ ਨਵੀਂ ਬੱਸਾਂ ਚਲਾ ਦਿੱਤੀਆਂ ਜਾਣਗੀਆਂ। ਉਨ੍ਹਾਂ ਸਰਕਾਰੀ ਬੱਸਾਂ ਤੇ ਟਰਾਂਸਪੋਰਟ ਮਾਫੀਆਂ ਦੀਆਂ ਬੱਸਾਂ ਦਾ ਸਮਾਂ ਨਾ ਬਦਲਣ ਨੂੰ ਲੈ ਕੇ ਕਿਹਾ ਕਿ ਇਹ ਮਾਮਲਾ ਕੋਰਟ 'ਚ ਚੱਲ ਰਿਹਾ ਹੈ। ਇਸ ਕਾਰਨ ਵਿਭਾਗ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਦਿੱਲੀ ਏਅਰਪੋਰਟ ਤੱਕ ਸਰਕਾਰੀ ਬੱਸਾਂ ਦੀ ਪਹੁੰਚ ਨਾ ਹੋਣ ਬਾਰੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦਿੱਲੀ ਸਰਕਾਰ ਨੂੰ ਇਸ ਸਬੰਧੀ ਚਿੱਠੀ ਲਿੱਖ ਚੁੱਕੇ ਹਨ, ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ।
ਟਰਾਂਸਪੋਰਟ ਮਾਫੀਆ ਵੱਲੋਂ ਇੱਕ ਪਰਮਿਟ ਉੱਤੇ ਕਈ ਬੱਸਾਂ ਚਲਾਉਣ ਦੇ ਸਵਾਲ ਤੇ ਮੰਤਰੀ ਨੇ ਖ਼ੁਦ ਮੰਨਿਆ, ਇੱਕ ਪਰਮਿਟ 'ਤੇ ਕਈ ਬੱਸਾਂ ਚੱਲ ਰਹੀਆਂ ਹਨ ਤੇ ਸਰਕਾਰੀ ਬੱਸਾਂ 'ਤੇ ਪੀਵੀਐੱਸ ਲਗਾਏ ਗਏ ਹਨ। ਪ੍ਰਾਈਵੇਟ ਬੱਸਾਂ 'ਤੇ ਪੀਵੀਐੱਸ ਕਦੋਂ ਲਗਾਏ ਜਾਣਗੇ ਇਸ ਬਾਰੇ ਮੰਤਰੀ ਰਜ਼ੀਆ ਸੁਲਤਾਨ ਕੋਈ ਜਵਾਬ ਨਹੀਂ ਦੇ ਸਕੇ। ਉਨ੍ਹਾਂ ਟਰਾਂਸਪੋਰਟ ਮਾਫੀਆ ਵੱਲੋਂ ਹੋ ਰਹੀ ਲੁੱਟ ਨੂੰ ਰੋਕਣ ਲਈ ਵਿਭਾਗ ਵੱਲੋਂ ਕੰਮ ਜਾਰੀ ਹੋਣ ਦੀ ਗੱਲ ਆਖੀ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਜਿੱਥੇ ਵੀ ਯਾਤਰੀਆਂ ਤੋਂ ਵੱਧ ਪੈਸੇ ਵਸੂਲੇ ਜਾ ਰਹੇ ਹਨ, ਉਥੇ ਚੈਕਿੰਗ ਕਰਵਾਈ ਜਾਵੇਗੀ। ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਦੇਣ ਤੇ ਉਸ ਦੇ ਜਲਦ ਹੱਲ ਕੀਤੇ ਜਾਣ ਦਾ ਭਰੋਸਾ ਦਿੱਤਾ।