ਚੰਡੀਗੜ੍ਹ: ਦੀਪਇੰਦਰ ਸਿੰਘ ਪਟਵਾਲੀਆ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ। ਡੀਐਸ ਪਟਵਾਲੀਆ ਨੂੰ ਏਜੀ ਲਗਾਉਣਾ ਨਵਜੋਤ ਸਿੰਘ ਸਿੱਧੂ ਦੀ ਵੱਡੀ ਕਾਮਯਾਬੀ ਹੈ। ਉਨ੍ਹਾਂ ਨੂੰ ਸਿੱਧੂ ਦਾ ਖਾਸ ਮੰਨਿਆ ਜਾਂਦਾ ਹੈ ਤੇ ਨਵਜੋਤ ਸਿੱਧੂ ਨੇ ਪਹਿਲਾਂ ਵੀ ਉਨ੍ਹਾਂ ਨੂੰ ਏਜੀ ਲਗਾਉਣ ਦੀ ਪੂਰੀ ਵਕਾਲਤ ਕੀਤੀ ਸੀ ਪਰ ਕਿਸੇ ਖਾਸ ਪਹੁੰਚ ਦੇ ਚਲਦਿਆਂ ਏਪੀਐਸ ਦਿਓਲ ਨੂੰ ਐਡਵੋਕੇਟ ਜਨਰਲ ਲਗਾ ਦਿੱਤਾ ਗਿਆ ਸੀ। ਇਸ ਤੋਂ ਦੋ ਦਿਨ ਪਹਿਲਾਂ ਡੀਐਸ ਪਟਵਾਲੀਆ ਦਾ ਨਾਮ ਲਗਭਗ ਕਲੀਅਰ ਹੋ ਗਿਆ ਸੀ ਪਰ ਕੁਝ ਘੰਟਿਆਂ ਬਾਅਦ ਹੀ ਦੂਜਾ ਨਾਮ ਸਾਹਮਣੇ ਆਇਆ ਸੀ। ਇਹ ਨਾਮ ਸੀਨੀਅਰ ਐਡਵੋਕੇਟ ਡਾਕਟਰ ਅਨਮੋਲ ਰਤਨ ਸਿੰਘ ਸਿੱਧੂ ਦਾ ਸੀ ਪਰ ਏਪੀਐਸ ਦਿਓਲ ਨੂੰ ਏਜੀ ਬਣਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੀ ਨਵਜੋਤ ਸਿੱਧੂ ਪਾਰਟੀ ਨਾਲ ਨਾਰਾਜ ਹੋ ਗਏ ਸੀ।
ਨਿਯੁਕਤੀਆਂ ਪਿੱਛੇ ਦਿੱਤਾ ਸੀ ਅਸਤੀਫਾ
ਨਵਜੋਤ ਸਿੱਧੂ ਨੇ ਪੰਜਾਬ ਦੀਆਂ ਦੋ ਅਹਿਮ ਤੇ ਵੱਡੀਆਂ ਡੀਜੀਪੀ ਤੇ ਏਜੀ ਦੀਆਂ ਨਿਯੁਕਤੀਆਂ ਪਿੱਛੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਿੱਧੂ ਨੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਲਗਾਉਣ ਦਾ ਇਸ ਲਈ ਵਿਰੋਧ ਕੀਤਾ ਸੀ ਕਿ ਉਨ੍ਹਾਂ ਨੇ ਬੇਅਦਬੀ ਮਾਮਲੇ ਦੀ ਜਾਂਚ ਲਈ ਬਣੀ ਸਿੱਟ ਦਾ ਮੁਖੀ ਹੋਣ ਦੇ ਨਾਤੇ ਬਾਦਲਾਂ ਨੂੰ ਇਸ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਸੀ। ਦੂਜੇ ਪਾਸੇ ਦਿਓਲ ਨੂੰ ਏਜੀ ਲਗਾਉਣ ਦਾ ਸਿੱਧੂ ਨੇ ਇਸ ਲਈ ਵਿਰੋਧ ਕੀਤਾ ਸੀ, ਕਿਉਂਕਿ ਉਹ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਵਕੀਲ ਰਹੇ ਸੀ ਤੇ ਸੁਮੇਧ ਸੈਣੀ ਨੂੰ ਕੋਟਕਪੂਰਾ ਫਾਇਰਿੰਗ ਕੇਸ ਵਿੱਚ ਨਾਮਜਦ ਕੀਤਾ ਹੋਇਆ ਸੀ ਤੇ ਸਿੱਧੂ ਦਾ ਕਹਿਣਾ ਹੈ ਕਿ ਸਿੱਖ ਸੰਗਤ ’ਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਦੇ ਵਕੀਲ ਨੂੰ ਏਜੀ ਲਗਾਉਣ ਨਾਲ ਏਜੀ ਪੰਜਾਬ ਸਰਕਾਰ ਦਾ ਪੱਖ ਨਹੀਂ ਰੱਖ ਸਕਣਗੇ।
ਇਸੇ ਕਾਰਨ ਸਿੱਧੂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਤਲਬ ਕੀਤਾ ਸੀ। ਇਸ ਤੋਂ ਬਾਅਦ ਸੀਐਮ ਚੰਨੀ ਤੇ ਸਿੱਧੂ ਵਿਚਾਲੇ ਮੁਲਾਕਾਤ ਕਰਵਾਈ ਗਈ ਤੇ ਆਖਰ ਏਪੀਐਸ ਦਿਓਲ ਨੇ ਏਜੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਰਕਾਰ ਨੇ ਉਨ੍ਹਾਂ ਨੂੰ ਨਵਾਂ ਏਜੀ ਲਗਾਉਣ ਤੱਕ ਕੰਮ ਕਰਨ ਲਈ ਕਿਹਾ ਸੀ। ਪਿਛਲੇ ਕੁਝ ਦਿਨਾਂ ਤੋਂ ਏਜੀ ਦੀ ਨਿਯੁਕਤੀ ਦੀ ਕਾਰਵਾਈ ਅੰਦਰ ਖਾਤੇ ਚੱਲ ਰਹੀ ਸੀ ਤੇ ਆਖਰ ਅੱਜ ਦੀਪਇੰਦਰ ਸਿੰਘ ਪਟਵਾਲੀਆ ਨੂੰ ਐਡਵੋਕੇਟ ਜਨਰਲ ਲਗਾ ਦਿੱਤਾ ਗਿਆ।
ਏਜੀ ਦੀ ਨਿਯੁਕਤੀ ’ਤੇ ਸ਼ੁਰੂ ਤੋਂ ਹੀ ਉਠਦੇ ਰਹੇ ਸੁਆਲ
ਸਾਲ 2017 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਤੋਂ ਹੀ ਕਾਂਗਰਸ ਸਰਕਾਰ ਦੇ ਏਜੀ ਦੀ ਨਿਯੁਕਤੀ ’ਤੇ ਸ਼ੁਰੂ ਤੋਂ ਹੀ ਸੁਆਲ ਉਠਦੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ ਕਾਂਗਰਸ ਪੱਖੀ ਤੇ ਹੋਰ ਸੀਨੀਅਰ ਵਕੀਲਾਂ ਨੂੰ ਅੱਖੋਂ ਪਰੋਖੇ ਕਰਕੇ ਦਿੱਲੀ ਤੋਂ ਚੁਣੇ ਵਕੀਲ ਅਤੁਲ ਨੰਦਾ ਨੂੰ ਐਡਵੋਕੇਟ ਜਨਰਲ ਲਗਾ ਦਿੱਤਾ। ਨੰਦਾ ’ਤੇ ਸਰਕਾਰ ਦੇ ਕੇਸਾਂ ਦੀ ਸਹੀ ਪੈਰਵੀ ਨਾ ਕਰਨ ਦਾ ਦੋਸ਼ ਸਰਕਾਰ ਦੇ ਆਪਣੇ ਹੀ ਮੰਤਰੀ ਲਗਾਉਂਦੇ ਰਹੇ। ਖਾਸ ਕਰਕੇ ਬੇਅਦਬੀ ਕੇਸਾਂ ਵਿੱਚ ਸਹੀ ਪੈਰਵੀ ਨਾ ਕਰਨ ਦਾ ਦੋਸ਼ ਲੱਗਿਆ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਲੱਥਣ ਤੋਂ ਤੁਰੰਤ ਬਾਅਦ ਨੰਦਾ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਰ ਏਜੀ ਦੀ ਨਿਯੁਕਤੀ ਇਸ ਦੇ ਬਾਅਦ ਵੀ ਹੁਣ ਤੱਕ ਚਰਚਾ ਦਾ ਵਿਸਾ ਬਣੀ ਰਹੀ ਹੈ।