ਮਾਨਸਾ:ਰੱਖੜੀ ਤੋਂ ਦੋ ਦਿਨ ਪਹਿਲਾਂ ਛੇ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਭੈਣਾਂ ਗਹਿਰੇ ਸਦਮੇ ਵਿੱਚ ਚੱਲੀਆਂ ਗਈਆਂ। ਭੈਣਾਂ ਆਪਣੇ ਪਰਿਵਾਰ ਦਾ ਜਿਊਣ ਦਾ ਸਹਾਰਾ ਆਪਣੇ ਚਾਰ ਸਾਲ ਦੇ ਭਤੀਜੇ ਨੂੰ ਸਮਝ ਰਹੀਆਂ ਹਨ ਜੋ ਕਿ ਇਸ ਸਮੇਂ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਦੱਸ ਦੇਈਏ ਕਿ ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆਂ ਤਲਵੰਡੀ ਦਾ ਗੁਰਦੀਪ ਸਿੰਘ ਆਪਣੀ ਪਤਨੀ ਤੇ ਦੋ ਬੱਚਿਆਂ ਦੇ ਨਾਲ ਆਪਣੇ ਸਹੁਰੇ ਪਿੰਡ ਜਾ ਰਿਹਾ ਸੀ ਪਰ ਅਚਾਨਕ ਰਸਤੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਗੁਰਦੀਪ ਸਿੰਘ ਦੀ ਮੌਤ ਹੋ ਗਈ ਉਸ ਦੀ ਪਤਨੀ ਤੇ ਧੀ ਤਾਂ ਬਚ ਗਈਆਂ ਪਰ 4 ਸਾਲ ਦਾ ਪੁੱਤਰ ਵੀ ਗੰਭੀਰ ਸੱਟਾਂ ਦਾ ਸ਼ਿਕਾਰ ਹੋ ਗਿਆ ਜੋ ਇਸ ਸਮੇਂ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਮ੍ਰਿਤਕ ਗੁਰਦੀਪ ਸਿੰਘ ਦੇ ਪਿਤਾ ਕਾਕੂ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਛੇ ਲੜਕੀਆਂ ਤੋਂ ਬਾਅਦ ਹੋਇਆ ਸੀ ਪਰ ਰੱਬ ਨੇ ਉਨ੍ਹਾਂ ਤੋਂ ਉਨ੍ਹਾਂ ਦਾ ਬੇਟਾ ਤਾਂ ਖੋਹ ਲਿਆ ਅਤੇ ਹੁਣ ਜੋ ਆਖਰੀ ਚਿਰਾਗ ਹੈ ਉਨ੍ਹਾਂ ਦਾ ਪੋਤਾ ਉਹ ਵੀ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।
ਇਹ ਵੀ ਪੜੋ: ਪਾਕਿਸਤਾਨ 'ਚ ਭਾਰਤੀ ਇਸ਼ਤਿਹਾਰ ਬੈਨ
ਉਨ੍ਹਾਂ ਸਮਾਜ ਸੇਵੀ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੀ ਮਦਦ ਕਰਨ ਤਾਂ ਕਿ ਉਹ ਆਪਣੇ ਆਖਰੀ ਚਿਰਾਗ ਨੂੰ ਬਚਾ ਸਕਣ। ਪਿੰਡ ਵਾਸੀ ਮਲਕੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਬਹੁਤ ਗ਼ਰੀਬ ਹੈ ਜੋ ਕਿ ਮਜ਼ਦੂਰੀ ਕਰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਚਾਰ ਸਾਲ ਦੇ ਪੋਤੇ ਨੂੰ ਹਸਪਤਾਲ ਵਿੱਚੋਂ ਇਲਾਜ ਕਰਵਾ ਕੇ ਪਰਿਵਾਰ ਕੋਲ ਲਿਆਂਦਾ ਜਾਵੇ।