ਚੰਡੀਗੜ੍ਹ: ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਜਗਮੇਲ ਦੀ ਮੌਤ ਤੋਂ ਬਾਅਦ ਇਨਸਾਫ਼ ਦੀ ਮੰਗ ਨੂੰ ਲੈ ਚੱਲ ਰਿਹਾ ਧਰਨਾ ਆਖਿਰਕਾਰ ਸੋਮਵਾਰ ਨੂੰ ਖ਼ਤਮ ਹੋ ਗਿਆ ਹੈ। ਪੰਜਾਬ ਸਰਕਾਰ ਮ੍ਰਿਤਕ ਪਰਿਵਾਰ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਦੇ ਰਹੀ ਹੈ।
ਇਨ੍ਹਾਂ ਸ਼ਰਤਾਂ 'ਤੇ ਹੋਇਆ ਸਮਝੋਤਾ
1. ਪੁਲਿਸ ਵਿਭਾਗ ਵੱਲੋਂ 7 ਦਿਨਾਂ ਦੇ ਅੰਦਰ- ਅੰਦਰ ਚਾਲਾਨ ਪੇਸ਼ ਕੀਤਾ ਜਾਵੇਗਾ।
2. 3 ਮਹੀਨੇ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਬਣਦੀ ਸਜ਼ਾ ਦਿਵਾਉਣ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾਵੇਗੀ।
3. ਪੁਲਿਸ ਵਿਭਾਗ ਵੱਲੋਂ ਵਾਪਰੀ ਘਟਨਾ ਵਿੱਚ ਦਿਖਾਈ ਲਾਪਰਵਾਹੀ ਦੀ ਏਡੀਜੀਪੀ ਲੈਵਲ ਦੇ ਅਧਿਕਾਰੀਆਂ ਵੱਲੋਂ ਜਾਂਚ ਕਰਵਾਈ ਜਾਵੇਗੀ।
4. ਪਰਿਵਾਰ ਨੂੰ ਨਿਯਮਾਂ ਮੁਤਾਬਕ ਕੁੱਲ ਮੁਆਵਜ਼ਾ 20 ਲੱਖ ਦਿੱਤਾ ਜਾਵੇਗਾ, ਜਿਸ 'ਚ 6 ਲੱਖ ਰੁਪਏ ਪੋਸਟਮਾਰਟਮ ਵਾਲੇ ਦਿਨ ਅਤੇ ਬਾਕੀ 14 ਲੱਖ ਰੁਪਏ ਭੋਗ ਵਾਲੇ ਦਿਨ ਦਿੱਤਾ ਜਾਵੇਗਾ।
5. ਕੁੱਲ ਮੁਆਵਜ਼ੇ ਤੋਂ ਇਲਾਵਾ ਮਕਾਨ ਦੀ ਮੁਰੰਮਤ ਲਈ 1,25,000/- ਰੁਪਏ ਦਿੱਤਾ ਜਾਵੇਗਾ।
6. ਪੀੜਤ ਪਰਿਵਾਰ ਲਈ 6 ਮਹੀਨੇ ਦੇ ਰਾਸ਼ਨ ਦਾ ਪ੍ਰਬੰਧ ਤੇ ਭੋਗ ਦਾ ਸਾਰਾ ਖਰਤਾ ਸਰਕਾਰ ਵੱਲੋਂ ਦਿੱਤਾ ਜਾਵੇਗਾ।
7. 9ਵੀਂ, 6ਵੀਂ ਅਤੇ ਪਹਿਲੀ ਕਲਾਸ ਵਿੱਚ ਪੜ੍ਹਦੇ ਬੱਚਿਆਂ ਦੀ ਗਰੈਜੂਏਸ਼ਨ ਤੱਕ ਪੜ੍ਹਾਈ ਦਾ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ।
8. ਪੀੜਤ ਦੀ ਪਤਨੀ ਮਨਜੀਤ ਕੌਰ ਨੂੰ 5ਵੀਂ ਪਾਸ ਹੋਣ ਦੇ ਬਾਵਜੂਦ ਘਰ ਦੇ ਨੇੜੇ ਵਿੱਦਿਅਕ ਯੋਗਤਾ ਮੁਤਾਬਕ ਗਰੁੱਪ-ਡੀ ਦੀ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਪਰਿਵਰਾਕ ਮੈਂਬਰਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ 50 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਮੰਗਾਂ ਮੰਨਣ ਤੋਂ ਬਾਅਦ ਹੀ ਉਹ ਜਗਮੇਲ ਸਿੰਘ ਦਾ ਸਸਕਾਰ ਕਰੇਗੀ। ਦੱਸ ਦਈਏ ਕਿ ਜਗਮੇਲ ਸਿੰਘ ਦੇ ਤਿੰਨ ਬੱਚੇ ਹਨ ਅਤੇ ਵੱਖ-ਵੱਖ ਜਥੇਬੰਦੀਆਂ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਕਤਲ ਕਰਨ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜਾ ਦਵਾਉਣ ਲਈ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ ਜਿਸ ਵਿੱਚ ਕਿਸਾਨ ਯੂਨੀਅਨ ਵੀ ਸ਼ਾਮਲ ਹੈ।