ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਸਰਬ ਦਲੀ ਬੈਠਕ ਬੁਲਾਈ ਸੀ। ਇਹ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਹਿੱਸਾ ਲਿਆ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਲੜਾਈ ਦੌਰਾਨ ਹਰ ਸੰਭਵ ਸਹਿਯੋਗ ਦੇਣ ਦਾ ਵਿਸ਼ਵਾਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ। ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਇਸ ਲੜਾਈ ਨੂੰ ਲੜਨ ਲਈ ਸਰਕਾਰ ਨੂੰ ਕਈ ਸੁਝਾਅ ਵੀ ਦਿੱਤੇ।
ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਵਧੇਰੇ ਰਾਹਤ ਦੇਣ ਅਤੇ ਕਿਸਾਨਾਂ ਦੇ ਸਾਰੇ ਬਕਾਏ ਤੁਰੰਤ ਜਾਰੀ ਕਰਨ ਦੀ ਵੀ ਮੰਗ ਕੀਤੀ। ਉਹਨਾਂ ਨੇ ਗੰਨਾ ਉਤਪਾਦਕਾਂ ਦੇ ਬਕਾਏ ਦੀ ਮਿਸਾਲ ਦਿੱਤੀ, ਜੋ ਕਿ 1000 ਕਰੋੜ ਰੁਪਏ ਹੋ ਚੁੱਕਿਆ ਹੈ। ਉਹਨਾਂ ਨੇ ਦੁੱਧ ਉਤਪਾਦਕਾਂ ਦੀ ਵੀ ਮਿਸਾਲ ਦਿੱਤੀ, ਜਿਹਨਾਂ ਨੂੰ ਨਿੱਜੀ ਦੁੱਧ ਖਰੀਦ ਕੇਂਦਰ ਅਤੇ ਮਿਲਕ ਚਿਲਿੰਗ ਕੇਂਦਰ ਬੰਦ ਹੋਣ ਕਰਕੇ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਹਨਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਡਿਪਟੀ ਕਮਿਸ਼ਨਰਾਂ ਨੂੰ ਸਾਰੇ ਦੁੱਧ ਖਰੀਦ ਕੇਂਦਰ ਅਤੇ ਮਿਲਕ ਚਿਲਿੰਗ ਕੇਂਦਰ ਤੁਰੰਤ ਖੋਲ੍ਹਣ ਦਾ ਨਿਰਦੇਸ਼ ਦੇਣ।
ਮੁੱਖ ਮੰਤਰੀ ਨੂੰ ਕੱਲ੍ਹ ਤੋਂ ਸ਼ੁਰੁ ਹੋ ਰਹੇ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਦੱਸਦੇ ਹੋਏ ਸਰਦਾਰ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਇੱਕ ਸਮੇਂ ਸਿਰਫ 50 ਕੁਇੰਟਲ ਕਣਕ ਮੰਡੀ ਵਿਚ ਲਿਆਉਣ ਦੀ ਆਗਿਆ ਦਿੱਤੀ ਗਈ ਹੈ। ਜਿਸ ਕਿਸਾਨ ਕੋਲ ਢਾਈ ਏਕੜ ਤੋਂ ਵੱਧ ਜ਼ਮੀਨ ਹੈ, ਉਸ ਨੂੰ ਆਪਣੀ ਫਸਲ ਵੇਚਣ ਲਈ ਲੰਬੇ ਸਮੇਂ ਤਕ ਮੰਡੀਆਂ ਦੇ ਕਈ ਗੇੜੇ ਲਾਉਣੇ ਪੈਣਗੇ, ਜੋ ਕਿ ਉਸ ਦੀਆਂ ਪ੍ਰੇਸ਼ਾਨੀਆਂ ਨੂੰ ਵਧਾਵੇਗਾ। ਉਨ੍ਹਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਤੂੜੀ ਬਣਾਉਣ ਲਈ ਲਾਈਆਂ ਸ਼ਰਤਾਂ ਬਾਰੇ ਵੀ ਪੁਨਰ ਵਿਚਾਰ ਕਰਨ , ਕਿਉਂਕਿ ਤੂੜੀ ਬਣਾਉਣ ਦੀ ਤੁਰੰਤ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਹੀ ਇਸ ਦੀ ਗੁਣਵੱਤਾ ਅਤੇ ਮਾਤਰਾ ਸਹੀ ਰਹੇਗੀ। ਉਹਨਾਂ ਨੇ ਪੰਜਾਬ ਅੰਦਰ ਰਹਿ ਗਏ ਮਜ਼ਦੂਰਾਂ ਨੂੰ ਵੀ ਆਰਥਿਕ ਮੱਦਦ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਹੀਂ ਤਾਂ ਤਾਲਾਬੰਦੀ ਹਟਾਏ ਜਾਣ ਮਗਰੋਂ ਪੰਜਾਬ ਵਿਚ ਖੇਤੀਬਾੜੀ ਅਤੇ ਉਦਯੋਗ ਸੈਕਟਰ ਨੂੰ ਇੱਕ ਹੋਰ ਤਾਲਾਬੰਦੀ ਦਾ ਸਾਹਮਣਾ ਕਰਨਾ ਪਵੇਗਾ।
ਸਿਹਤ ਕਾਮਿਆਂ ਅਤੇ ਸਿਹਤ ਸੰਬੰਧੀ ਮੁੱਦਿਆਂ ਬਾਰੇ ਬੋਲਦੇ ਹੋਏ ਸਰਦਾਰ ਬਾਦਲ ਨੇ ਕਿਹਾ ਕਿ ਕੋਵਿਡ-19 ਖ਼ਿਲਾਫ ਲੜਾਈ ਵਿਚ ਸਿਹਤ ਕਾਮਿਆਂ ਦੁਆਰਾ ਉਠਾਏ ਜਾ ਰਹੇ ਵੱਡੇ ਖਤਰਿਆਂ ਨੂੰ ਧਿਆਨ ਵਿਚ ਰੱਖਦਿਆਂ ਉੁਹਨਾਂ ਦੀਆਂ ਤਨਖਾਹਾਂ ਦੁੱਗਣੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸੂਬੇ ਅੰਦਰ ਵਧੇਰੇ ਟੈਸਟਾਂ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਅਕਾਲੀ ਪ੍ਰਧਾਨ ਨੇ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਕਿ ਜਦੋਂ ਸਰਕਾਰੀ ਹਸਪਤਾਲਾਂ ਵਿਚੋਂ ਵਾਪਸ ਮੋੜ ਦਿੱਤੇ ਗਏ ਵਿਅਕਤੀ ਕੋਰੋਨਾ ਦੇ ਮਰੀਜ਼ ਨਿਕਲੇ।
ਸਰਦਾਰ ਬਾਦਲ ਨੇ ਗਰੀਬਾਂ ਅਤੇ ਲੋੜਵੰਦਾਂ ਨੂੰ ਖੁਰਾਕੀ ਵਸਤਾਂ ਪਾਰਦਰਸ਼ੀ ਢੰਗ ਨਾਲ ਵੰਡਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਗਰੀਬਾਂ ਨੂੰ ਦਿੱਤੀ ਜਾਂਦੀ ਸਰਕਾਰੀ ਰਾਹਤ ਸਮੱਗਰੀ ਦਾ ਸਿਆਸੀਕਰਨ ਰੋਕਣ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਨੇ ਗਰੀਬਾਂ ਨਾਲ ਹੋ ਰਹੇ ਸਿਆਸੀ ਵਿਤਕਰੇ ਦੀਆਂ ਕਈ ਮਿਸਾਲਾਂ ਦਿੱਤੀਆਂ। ਉਨ੍ਹਾਂ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਹਰ ਹਲਕੇ ਲਈ ਪੰਜ ਹਜ਼ਾਰ ਪੀਪੀਈ ਕਿਟਾਂ ਬਹੁਤ ਘੱਟ ਹਨ, ਇਹਨਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ।
ਅਕਾਲੀ ਦਲ ਪ੍ਰਧਾਨ ਨੇ ਸਭ ਤੋਂ ਅੱਗੇ ਹੋ ਕੇ ਲੜਣ ਵਾਲਿਆਂ ਪੁਲਿਸ ਕਰਮੀਆਂ, ਸਿਹਤ ਕਾਮਿਆਂ ਅਤੇ ਸਫਾਈ ਕਰਮਚਾਰੀਆਂ ਨੂੰ ਦਸਤਾਨੇ ਅਤੇ ਮਾਸਕ ਦਿੱਤੇ ਜਾਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਉਹਨਾਂ ਮੁੱਖ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਫਸੀ ਸਿੱਖ ਸੰਗਤ ਨੂੰ ਵਾਪਸ ਲਿਆਉਣ ਲਈ ਜਰੂਰੀ ਕਦਮ ਚੁੱਕਣ।