ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਦੂਜੀ ਲਹਿਰ(second wave of coronavirus) ਘਟਦੀ ਜਾ ਰਹੀ ਹੈ ਅਤੇ ਮਾਮਲੇ ਵੀ ਘਟਦੇ ਜਾ ਰਹੇ ਹਨ। ਪਰ ਹੁਣ ਲੋਕਾਂ ਦੇ ਮਨਾਂ 'ਚ ਕੋਰੋਨਾ ਦੀ ਤੀਜੀ ਲਹਿਰ ਬਾਰੇ ਚਿੰਤਾ ਹੈ। ਕੋਰੋਨਾ ਵਾਇਰਸ ਦੀ ਤੀਜੀ ਲਹਿਰ(third wave of coronavirus) ਦੇ ਬਾਰੇ ਵਿਗਿਆਨੀਆਂ ਦੁਆਰਾ ਇਹ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਤੀਜੀ ਲਹਿਰ ਬੱਚਿਆਂ ਨੂੰ ਵਧੇਰੇ ਪ੍ਰਭਾਵਿਤ ਕਰੇਗੀ। ਇਸ ‘ਤੇ ਈਟੀਵੀ ਭਾਰਤ ਦੀ ਟੀਮ ਨੇ ਚੰਡੀਗੜ੍ਹ ਪੀ.ਜੀ.ਆਈ ਦੇ ਸੀਨੀਅਰ ਡਾਕਟਰ ਸੋਨੂੰ ਗੋਇਲ ਨਾਲ ਗੱਲਬਾਤ ਕੀਤੀ। ਡਾਕਟਰ ਸੋਨੂੰ ਗੋਇਲ ਨੇ ਜੋ ਕਿਹਾ ਉਹ ਕਾਫ਼ੀ ਹੈਰਾਨੀ ਵਾਲੀ ਗੱਲ ਹੈ।
ਡਾ: ਸੋਨੂੰ ਗੋਇਲ ਨੇ ਦੱਸਿਆ ਕਿ ਤੀਜੀ ਲਹਿਰ ਦਾ ਬੱਚਿਆਂ ਉੱਤੇ ਬਹੁਤ ਘੱਟ ਪ੍ਰਭਾਵ ਪਵੇਗਾ। ਉਨ੍ਹਾਂ ਇਸਦੇ ਪਿੱਛੇ ਤਰਕ ਦਿੱਤਾ ਕਿ ਬੱਚਿਆਂ ਦੀ ਇਮਊਨਿਟੀ ਵੱਡਿਆਂ ਨਾਲੋਂ ਵਧੇਰੇ ਮਜ਼ਬੂਤ ਹੁੰਦੀ ਹੈ। ਉਨ੍ਹਾਂ ਦੇ ਫੇਫੜੇ ਗ੍ਰੋਇੰਗ ਪੜਾਅ 'ਤੇ ਹੁੰਦੇ ਹਨ, ਜਿਸ ਕਾਰਨ ਕੋਰੋਨਾ ਲਈ ਉਨ੍ਹਾਂ ਨੂੰ ਸੰਕਰਮਿਤ ਕਰਨਾ ਬਹੁਤ ਮੁਸ਼ਕਲ ਹੋਵੇਗਾ।
ਇਸ ਤੋਂ ਇਲਾਵਾ, ਡਾ ਗੋਇਲ ਨੇ ਇਕ ਹੋਰ ਦਲੀਲ ਦਿੱਤੀ। ਉਨ੍ਹਾਂ ਕਿਹਾ ਕਿ ਸ਼ੂਗਰ, ਹਾਈਪਰਟੈਨਸ਼ਨ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਗੰਭੀਰ ਬਿਮਾਰੀਆਂ ਬੱਚਿਆਂ ਵਿੱਚ ਵੀ ਬਹੁਤ ਘੱਟ ਵੇਖੀਆਂ ਜਾਂਦੀਆਂ ਹਨ। ਜਿਸ ਕਾਰਨ ਕੋਰੋਨਾ ਬੱਚਿਆਂ 'ਤੇ ਇੰਨਾ ਪ੍ਰਭਾਵ ਨਹੀਂ ਪਾ ਸਕੇਗੀ। ਉਨ੍ਹਾਂ ਕਿਹਾ ਕਿ ਜੇ ਤੀਜੀ ਲਹਿਰ ਆਉਂਦੀ ਹੈ, ਤਾਂ ਇਹ ਸਿਰਫ ਵੱਡੇ ਲੋਕਾਂ ਨੂੰ ਪ੍ਰਭਾਵਿਤ ਕਰੇਗੀ।
ਤੀਜੀ ਲਹਿਰ ਨਾਲ ਕਿਵੇਂ ਨਜਿੱਠਣਾ ਹੈ?
ਡਾ: ਸੋਨੂੰ ਗੋਇਲ ਨੇ ਦੱਸਿਆ ਕਿ ਦੋ ਚੀਜ਼ਾਂ ਸਭ ਤੋਂ ਜ਼ਰੂਰੀ ਹਨ। ਇੱਕ ਤਾਂ ਲੋਕਾਂ ਨੂੰ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ, ਜੰਕ ਫੂਡ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ, ਕਿਉਂਕਿ ਜੰਕ ਫੂਡ ਖਾਣਾ ਸਾਡੀ ਪ੍ਰਤੀਰੋਧਕਤਾ ਨੂੰ ਕਮਜ਼ੋਰ ਕਰਦਾ ਹੈ ਅਤੇ ਹੁਣ ਲੋਕ ਸਮਝ ਗਏ ਹਨ ਕਿ ਇਮਿਊਨਿਟੀ ਕੋਰੋਨਾ ਵਿਰੁੱਧ ਸਭ ਤੋਂ ਵੱਡਾ ਹਥਿਆਰ ਹੈ। ਇਸ ਲਈ ਪੌਸ਼ਟਿਕ ਭੋਜਨ ਖਾਓ ਅਤੇ ਯੋਗਾ ਜਾਂ ਹੋਰ ਅਭਿਆਸ ਕਰੋ। ਜਿਸ ਕਾਰਨ ਸਰੀਰ ਵੀ ਤੰਦਰੁਸਤ ਰਹੇਗਾ ਅਤੇ ਸਰੀਰ 'ਚ ਆਕਸੀਜਨ ਦਾ ਪੱਧਰ ਵੀ ਕਾਇਮ ਰਹੇਗਾ।
ਤੀਜੀ ਲਹਿਰ ਬਾਰੇ ਦੋ ਵਿਚਾਰਧਾਰਾਵਾਂ
ਡਾ: ਸੋਨੂੰ ਗੋਇਲ ਨੇ ਦੱਸਿਆ ਕਿ ਤੀਜੀ ਲਹਿਰ ਦੇ ਸਬੰਧ ਵਿੱਚ ਚਿਤਾਵਨੀ ਜਾਰੀ ਕੀਤੀ ਗਈ ਹੈ। ਪਰ ਵਿਗਿਆਨੀਆਂ ਦੀਆਂ ਦੋ ਵਿਚਾਰਧਾਰਾਵਾਂ ਹਨ। ਇੱਕ ਵਿਚਾਰਧਾਰਾ ਕਹਿੰਦੀ ਹੈ ਕਿ ਤੀਜੀ ਲਹਿਰ ਦੂਜੀ ਲਹਿਰ ਨਾਲੋਂ ਵਧੇਰੇ ਖ਼ਤਰਨਾਕ ਹੋ ਸਕਦੀ ਹੈ, ਕਿਉਂਕਿ ਕੋਰੋਨਾ ਨੇ ਆਪਣਾ ਰੂਪ ਬਦਲਿਆ ਹੈ। ਜਦੋਂ ਕਿ ਦੂਸਰੀ ਵਿਚਾਰਧਾਰਾ ਕਹਿੰਦੀ ਹੈ ਕਿ ਤੀਜੀ ਲਹਿਰ ਵਧੇਰੇ ਖਤਰਨਾਕ ਸਾਬਤ ਨਹੀਂ ਹੋਵੇਗੀ, ਕਿਉਂਕਿ ਲੋਕਾਂ 'ਚ ਇਮਊਨਿਟੀ ਦਾ ਪੱਧਰ ਵੱਧ ਰਿਹਾ ਹੈ ਅਤੇ ਲੋਕ ਵੈਕਸੀਨੇਸ਼ਨ ਵੀ ਕਰਵਾ ਰਹੇ ਹਨ।
ਡਾਕਟਰ ਨੇ ਦੱਸਿਆ ਕਿ ਸਰਕਾਰ ਤੀਜੀ ਲਹਿਰ ਦੇ ਸਬੰਧ ਵਿੱਚ ਕੋਈ ਜੋਖਮ ਨਹੀਂ ਲੈ ਰਹੀ ਹੈ। ਤੀਜੀ ਲਹਿਰ ਦੀ ਸ਼ੁਰੂਆਤ ਤੋਂ ਪਹਿਲਾਂ, ਸਾਡੇ ਸਿਹਤ ਢਾਂਚੇ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰਨਾ ਪਵੇਗਾ। ਹਸਪਤਾਲਾਂ 'ਚ ਬੈੱਡਾਂ ਦੀ ਗਿਣਤੀ 'ਚ ਵਾਧਾ ਕਰਨਾ ਪਏਗਾ। ਆਕਸੀਜਨ ਦੀ ਮਾਤਰਾ ਵਧਾਉਣੀ ਪੈਂਦੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਬੱਚਿਆਂ ਲਈ ਵੱਖਰੇ ਹਸਪਤਾਲ ਵੀ ਬਣਾਏ ਜਾ ਰਹੇ ਹਨ।