ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਬਠਿੰਡਾ ਦਿਹਾਤੀ ਹਲਕੇ ਦੇ ਪ੍ਰਧਾਨ ਹਰਵਿੰਦਰ ਲਾਡੀ ਵਲੋਂ ਇਲਜ਼ਾਮ ਲਗਾਏ ਗਏ ਹਨ ਕਿ ਮਨਪ੍ਰੀਤ ਬਾਦਲ ਬੇਲੋੜੀ ਦਖ਼ਲ ਅੰਦਾਜ਼ੀ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਲਗਵਾਏ ਗਏ ਪੁਲਿਸ ਅਫ਼ਸਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਵਰਕਰਾਂ ਨੂੰ ਜਲੀਲ ਕਰਦੇ ਹਨ। ਲਾਡੀ ਨੇ ਮਨਪ੍ਰੀਤ ਬਾਦਲ ਨੂੰ ਚਿਤਾਵਨੀ ਦਿੰਦਿਆਂ ਇੱਥੋਂ ਤੱਕ ਕਿਹਾ ਕਿ ਜੇਕਰ ਉਨ੍ਹਾਂ ਦੇ ਹਲਕੇ 'ਚ ਦਖਲ ਅੰਦਾਜ਼ੀ ਬੰਦ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਕਈ ਵੱਡੇ ਖੁਲਾਸੇ ਕਰ ਦੇਣਗੇ। ਜਿਸ ਤੋਂ ਬਾਅਦ ਮਨਪ੍ਰੀਤ ਬਾਦਲ ਨੂੰ ਅਸਤੀਫ਼ਾ ਤੱਕ ਦੇਣਾ ਪੈ ਸਕਦਾ ਹੈ। ਇਸ ਦੌਰਾਨ ਹਰਵਿੰਦਰ ਲਾਡੀ ਵੱਲੋਂ ਜ਼ਿਲ੍ਹਾ ਬਲਾਕ ਪ੍ਰਧਾਨ, ਚੇਅਰਮੈਨ, ਪਿੰਡਾਂ ਦੇ ਸਰਪੰਚ ਅਤੇ ਤਮਾਮ ਵਰਕਰਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਬਾਹਰ ਮਨਪ੍ਰੀਤ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਹਰਵਿੰਦਰ ਲਾਡੀ ਨੇ ਮੁੱਖ ਮੰਤਰੀ ਦੇ ਓਐੱਸਡੀ ਅੰਕਿਤ ਬਾਂਸਲ ਨੂੰ ਦਿੱਤੇ ਆਪਣੇ ਮੰਗ ਪੱਤਰ 'ਚ ਸਾਫ ਲਿਖਿਆ ਹੈ ਕਿ ਦਸ ਸਾਲ ਅਕਾਲੀ ਸਰਕਾਰ ਸਮੇਂ ਤਸ਼ੱਦਦ ਸਹਿਣ ਵਾਲੇ ਕਾਂਗਰਸੀ ਹੁਣ ਮਨਪ੍ਰੀਤ ਬਾਦਲ ਦਾ ਤਸ਼ੱਦਦ ਸਹਿ ਰਹੇ ਹਨ। ਜਿਸ ਬਾਰੇ ਉਨ੍ਹਾਂ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਦਖ਼ਲ ਅੰਦਾਜ਼ੀ ਬੰਦ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਦੌਰਾਨ ਬਲਾਕ ਸੰਗਤ ਸਰਪੰਚ ਯੂਨੀਅਨ ਦੇ ਪ੍ਰਧਾਨ ਬਹਾਦਰ ਸਿੰਘ ਗਰੇਵਾਲ ਨੇ ਆਪਣੀ ਹੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਮਨਪ੍ਰੀਤ ਬਾਦਲ ਵੱਲੋਂ ਲਗਾਏ ਗਏ ਪੁਲਿਸ ਅਫ਼ਸਰ ਕਾਂਗਰਸੀਆਂ ਦੇ ਕੰਮ ਛੱਡ ਅਕਾਲੀਆਂ ਦੇ ਕੰਮ ਪਹਿਲ ਦੇ ਆਧਾਰ 'ਤੇ ਕਰਦੇ ਹਨ। ਇਸ ਦੌਰਾਨ ਕਾਂਗਰਸੀਆਂ ਨੇ ਮਨਪ੍ਰੀਤ ਬਾਦਲ ਉੱਪਰ ਭ੍ਰਿਸ਼ਟਾਚਾਰ ਕਰਨ ਦੇ ਵੀ ਇਲਜ਼ਾਮ ਲਗਾਏ ਹਨ।
ਇਹ ਵੀ ਪੜ੍ਹੋ:Corona vaccine: 62 ਹਜ਼ਾਰ ਦੇ ਟੀਕੇ ਦੇ ਸੁਆਲ ’ਤੇ ਭੜਕੇ ਸੁਖਬੀਰ ਬਾਦਲ