ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਦੇ 6 ਮਹੀਨੇ ਪੂਰੇ ਹੋ ਚੁੱਕੇ ਹਨ। ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਸਿਆਸਤਦਾਨਾਂ ਵੱਲੋਂ ਆਪ ਸਰਕਾਰ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਜਾ ਰਹੇ ਹਨ। ਅੱਜ ਕਾਂਗਰਸੀ ਨੇਤਾ ਪ੍ਰਤਾਪ ਵਿਖੇ ਪ੍ਰੈਸ ਕਾਨਫਰੰਸ ਕੀਤੀ, ਜਿੱਥੇ ਉਨ੍ਹਾਂ ਨੇ ਆਪ ਸਰਕਾਰ ਦੇ 6 ਮਹੀਨੇ ਪੂਰੇ ਹੋਣ ਦੇ ਰਿਪੋਰਟ ਕਾਰਡ ਉੱਤੇ ਖੂਬ ਤੰਜ ਕੱਸੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਨੀ ਮੂਨ ਪੀਰੀਅਡ ਖ਼ਤਮ ਹੋ ਗਿਆ ਹੈ।
ਅੱਜ ਦੇ ਅਖਬਾਰਾਂ ਵਿੱਚ ਚੱਲੇ ‘ਆਪ’ ਸਰਕਾਰ ਦੇ ਇਸ਼ਤਿਹਾਰ ਬਾਰੇ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਇਸ਼ਤਿਹਾਰ ਵੀ ਦਿੱਲੀ ਦੇ ਲੋਕਾਂ ਨੇ ਹੀ ਬਣਾਇਆ ਸੀ ਜਿਸ ਵਿੱਚ ਉਨ੍ਹਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ। ਬਾਜਵਾ ਨੇ ਸੀਐਮ ਭਗਵੰਤ ਮਾਨ ਉੱਤੇ ਖੂਬ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਜੋ ਹੈਲਪਲਾਈਨ ਨੰਬਰ ਬੰਦ ਹੈ, ਉਸ ਨੂੰ ਤਾਂ ਚਲਾ ਲਿਓ। ਉਨ੍ਹਾਂ ਕਿਹਾ ਕਿ ਵਿਜੈ ਸਿੰਗਲਾ ਮਾਮਲੇ ਵਿੱਚ ਹਾਲੇ ਤੱਕ ਵਾਇਰਲ ਕਥਿਤ ਭ੍ਰਿਸ਼ਟਾਚਾਰ ਵਾਲੀ ਆਡੀਓ ਵੀ ਅਜੇ ਤੱਕ ਰਿਲੀਜ਼ ਨਹੀਂ ਹੋਈ। ਫਿਰ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਫੌਜਾ ਸਿੰਘ ਤਾਂ ਛੱਡੋ, ਸੀਐਮ ਸਾਹਿਬ ਦੱਸੋ ਸ਼ੀਤਲ ਅੰਗੁਰਾਲ ਖਿਲਾਫ ਕਾਰਵਾਈ ਕਦੋਂ ਕਰੋਗੇ। ਬਾਜਵਾ ਨੇ ਕਿਹਾ ਕਿ ਵਿਧਾਇਕ ਪਠਾਨਮਾਜਰਾ ਦਾ ਵੀ ਹਾਲ ਦੇਖੋ, ਉਨ੍ਹਾਂ ਦੀ ਪਤਨੀ ਹਾਈਕੋਰਟ ਤੋਂ ਸੁਰੱਖਿਆ ਮੰਗ ਰਹੀ ਹੈ। ਰਜਿੰਦਰ ਪਾਲ ਕੌਰ ਅਧਿਕਾਰੀ ਝਾੜੂ ਲਗਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਿੰਗਲਾ ਸਾਹਬ ਨੂੰ ਪਾਰਟੀ 'ਚੋਂ ਕਦੋਂ ਕੱਢੋਗੇ?
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਲਦ ਹੀ ਉਹ ਆਪਰੇਸ਼ਨ ਲੋਟਸ ਨੂੰ ਲੈ ਕੇ ਰਾਜਪਾਲ ਨੂੰ ਮਿਲਣਗੇ। ਮੰਗ ਕਰਨਗੇ ਕਿ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਸਮਾਂਬੱਧ ਤਰੀਕੇ ਨਾਲ ਕਰਵਾਈ ਜਾਵੇ ਅਤੇ ਮੌਜੂਦਾ ਜੱਜ ਦੀ ਕਮੇਟੀ ਦੇ ਨਾਲ ਵਿਧਾਨ ਸਭਾ ਦੀ ਕਮੇਟੀ ਵੀ ਬਣਾਈ ਜਾਵੇ। ਸੀਐਮ ਮਾਨ ਦੇ ਜਰਮਨੀ ਦੌਰੇ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਫੇਰੀ 'ਤੇ ਇਕ ਕਰੋੜ ਤੋਂ ਵੱਧ ਦਾ ਖ਼ਰਚਾ ਹੋਵੇਗਾ, ਕੁਝ ਨਹੀਂ ਨਿਕਲੇਗਾ।
ਅਰਵਿੰਦ ਕੇਜਰੀਵਾਲ ਜੀ ਗੁਜਰਾਤ ਜਾ ਕੇ ਸੁਰੱਖਿਆ ਨਾ ਲੈਣ ਦੀ ਗੱਲ ਕਰਦੇ ਹਨ ਅਤੇ ਆਟੋ 'ਤੇ ਵੀ ਤੁਰਦੇ ਹਨ। ਉਨ੍ਹਾਂ ਨੂੰ ਪੰਜਾਬ ਵਿੱਚ ਵੀ ਸੁਰੱਖਿਆ ਨਹੀਂ ਲੈਣੀ ਚਾਹੀਦੀ। ਪੰਜਾਬ ਦੀਆਂ ਦੋਵੇਂ ਲੈਂਡ ਕਰੂਜ਼ਰਾਂ ਵਾਪਸ ਕੀਤੀਆਂ ਜਾਣ ਅਤੇ ਇੱਥੇ ਵੀ ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਆਟੋ ਚਲਾਉਣਾ ਚਾਹੀਦਾ ਹੈ।
ਅਖਬਾਰਾਂ ਵਿੱਚ ਦੇਖੇ ਜਾ ਰਹੇ ਪ੍ਰੈਸ ਦੀ ਅਵਾਜ਼ ਨੂੰ ਦਬਾਉਣ ਅਤੇ ਪੂਰੇ ਪੰਨਿਆਂ ਦੇ ਐਡਵਾਂਸ ਨੂੰ ਲੈ ਕੇ ਅਸੀਂ ਹਾਈ ਕੋਰਟ ਤੱਕ ਵੀ ਪਹੁੰਚ ਕਰ ਸਕਦੇ ਹਾਂ। ਕੈਪਟਨ ਅਮਰਿੰਦਰ ਸਿੰਘ ਬਾਕੀ ਲੀਡਰਾਂ ਨੂੰ ਕਹਿ ਰਹੇ ਹਨ ਕਿ ਮੇਰੇ ਨਾਲ ਆਓ, ਘੱਟੋ-ਘੱਟ ਮਹਾਰਾਣੀ ਪ੍ਰਣੀਤ ਨੂੰ ਨਾਲ ਲੈ ਕੇ ਜਾਓ। ਇੰਨੀ ਚੰਗੀ ਗੱਲ ਹੈ ਕਿ ਕੈਪਟਨ ਸਾਹਬ ਜਲਦੀ ਹੀ ਪੰਜਾਬ ਛੱਡ ਦੇਵੇ।
ਇਹ ਵੀ ਪੜ੍ਹੋ: ਇੱਕ ਵਿਧਾਇਕ ਇੱਕ ਪੈਨਸ਼ਨ ਦੇ ਸਕੀਮ ਵਿੱਚ ਸੁਣਵਾਈ, ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ