ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ 'ਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਕਾਂਗਰਸ ਦੇ ਵੱਡੇ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਇਨ੍ਹਾਂ ਕਾਂਗਰਸੀ ਆਗੂਆਂ ਨੇ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਨ੍ਹਾਂ ਚੋਂ ਕਾਂਗਰਸੀ ਵਿਧਾਇਕ ਰਣਦੀਪ ਕਾਕਾ ਦੇ ਭਰਾ ਜਸਦੀਪ ਸਿੰਘ ਨਿੱਕੂ, ਹਰਮੀਤ ਸਿੰਘ ਪਠਾਣ ਮਾਜਰਾ ਵੀ ਸ਼ਾਮਲ ਹਨ।
'ਆਪ' ਪੰਜਾਬ ਵੱਲੋਂ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ ਸਣੇ ਹਰ ਤਬਕੇ ਦੇ ਹੱਕ ਵਿੱਚ ਸਿੱਧੇ ਤੌਰ 'ਤੇ ਖੜ੍ਹਨ ਤੋਂ ਪ੍ਰਭਾਵਿਤ ਹੋਣ ਕਾਰਨ ਪਾਰਟੀ ਦਾ ਵਿਸਥਾਰ ਹੁੰਦਾ ਜਾ ਰਿਹਾ ਹੈ। ਪਾਰਟੀ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ, ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ,ਅਮਨ ਅਰੋੜਾ, ਸਣੇ ਕਈ ਆਗੂਆਂ ਦੀ ਹਾਜ਼ਰੀ 'ਚ ਕਾਂਗਰਸ ਆਗੂ ਜਸਦੀਪ ਸਿੰਘ ਨਿੱਕੂ, ਅਕਾਲੀ ਆਗੂ ਹਰਮੀਤ ਸਿੰਘ ਪਠਾਣ ਮਾਜਰਾ ਅਤੇ ਬਸਪਾ ਆਗੂ ਗੁਰਪ੍ਰੀਤ ਸਿੰਘ ਸਿੱਧੂ ਨੇ ਪਾਰਟੀ ਨੀਤੀਆਂ ਤੋਂ ਪ੍ਰਭਾਵਿਤ ਹੁੰਦੇ ਹੋਏ ਅੱਜ 'ਆਪ' 'ਚ ਸ਼ਮੂਲੀਅਤ ਕੀਤੀ।
![ਜਸਦੀਪ ਨਿੱਕੂ,ਹਰਮੀਤ ਸਿੰਘ ਤੇ ਬਸਪਾ ਆਗੂ ਗੁਰਪ੍ਰੀਤ ਸਿੰਘ ਸਿੱਧੂ 'ਆਪ' 'ਚ ਹੋਏ ਸ਼ਾਮਲ](https://etvbharatimages.akamaized.net/etvbharat/prod-images/10036934_chd2.jpg)
ਜਰਨੈਲ ਸਿੰਘ ਅਤੇ ਭਗਵੰਤ ਮਾਨ ਨੇ ਪਾਰਟੀ 'ਚ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਗੂਆਂ ਦੇ ਆਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ 'ਆਪ' ਪਰਿਵਾਰ 'ਚ ਆਏ ਆਗੂ ਪਾਰਟੀ ਵੱਲੋਂ ਲਗਾਈ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ।
ਜਸਦੀਪ ਸਿੰਘ ਨਿੱਕੂ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਭਰਾ ਰਣਦੀਪ ਕਾਕਾ ਅਮਲੋਹ ਤੋਂ ਵਿਧਾਇਕ ਹਨ, ਪਰ ਮੌਜੂਦਾ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਨਕਾਮੀਆਂ ਕਰਕੇ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਜੋ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨਾਂ ਲਈ ਕਰ ਰਹੀ ਹੈ, ਉਹ ਇਸ ਤੋਂ ਪ੍ਰਭਾਵਿਤ ਹੋ ਕੇ ਪਾਰਟੀ 'ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਵੱਲੋਂ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਹ ਉਸ ਨੂੰ ਨਿਭਾਉਣਗੇ।
ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਜੋ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਕਿਸਾਨਾਂ ਲਈ ਕੰਮ ਕੀਤਾ ਜਾ ਰਿਹਾ ਹੈ, ਉਹ ਸ਼ਲਾਘਾਯੋਗ ਹੈ। ਇਸ ਲਈ ਅੱਜ ਉਹ ਆਪ ਵਿੱਚ ਸ਼ਾਮਲ ਹੋਏ ਹਨ ਜੋ ਕਿਸਾਨਾਂ ਨਾਲ ਹਰ ਫਰੰਟ ਉੱਤੇ ਡੱਟੀ ਹੋਈ ਹੈ। ਉਨ੍ਹਾਂ ਆਖਿਆ ਕਿ ਪਾਰਟੀ ਵੱਲੋਂ ਸੌਂਪੀ ਗਈ ਡਿਊਟੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਹਰਮੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਪਟਿਆਲਾ ਦੇ ਵਿਧਾਨ ਸਭਾ ਹਲਕਾ ਸੰਨੌਰ ਤੋਂ ਰਾਜਨੀਤਿਕ ਤੌਰ 'ਤੇ ਸਰਗਰਮ ਹਨ। ਉਨ੍ਹਾਂ 2017 'ਚ ਅਜ਼ਾਦ ਉਮੀਦਵਾਰ ਵਜੋਂ ਚੋਣਾਂ ਲੜੀਆਂ ਤੇ 12000 ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ। ਸਾਲ 2019 ਵਿੱਚ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਬਹੁਜਨ ਸਮਾਜ ਪਾਰਟੀ (ਬਸਪਾ ) ਵੱਲੋਂ 2009 ਦੀਆਂ ਲੋਕ ਸਭਾ ਚੋਣਾਂ 'ਚ ਫਰੀਦਕੋਟ ਤੋਂ ਕਨਵੀਨਰ ਰਹੇ ਗੁਰਪ੍ਰੀਤ ਸਿੰਘ ਸਿੱਧੂ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਉਹ ਦਿੱਲੀ ''ਚ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ। ਪਾਰਟੀ ਵੱਲੋਂ ਜੋ ਵੀ ਡਿਊਟੀ ਲਗਾਈ ਜਾਵੇਗੀ ਉਹ ਨਿਭਾਉਣਗੇ।