ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab assembly election 2022) ਲਈ ਕਾਂਗਰਸ ਹਾਈ ਕਮਾਂਡ (Congress High Command) ਵੱਲੋਂ ਬਣਾਈ ਗਈ ਕਮੇਟੀ ਵਿੱਚ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੰਪੇਨ ਕਮੇਟੀ ਦੀ ਚੇਅਰਪਰਸਨ ਕੋਆਰਡੀਨੇਟਰ ਅੰਬਿਕਾ ਸੋਨੀ, ਚੇਅਰਮੈਨ ਸੁਨੀਲ ਜਾਖੜ, ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਪੰਜਾਬ ਤੋਂ ਕਾਂਗਰਸ ਦੇ ਸਾਰੇ ਲੋਕ ਸਭਾ ਤੇ ਰਾਜ ਸਭਾ ਮੈਂਬਰ ਤੇ ਪੰਜਾਬ ਕੈਬਨਿਟ ਦੇ ਸਾਰੇ ਮੰਤਰੀਆਂ ਨੂੰ ਵੀ ਲਿਆ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਸਾਬਕਾ ਪੀਪੀਸੀਸੀ ਪ੍ਰਧਾਨਾਂ ਐਚ.ਐਸ.ਹੰਸਪਾਲ ਤੇ ਮੋਹਿੰਦਰ ਸਿੰਘ ਕੇਪੀ., ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਕੇ.ਐਲ.ਸ਼ਰਮਾ, ਵਿਧਾਇਕ ਰਾਮਿੰਦਰ ਸਿੰਘ ਆਵਲਾ, ਪੀਪੀਸੀਸੀ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ, ਵਰਕਿੰਗ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਵਰਕਿੰਗ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ, ਵਰਕਿੰਗ ਪ੍ਰਧਾਨ ਪਵਨ ਗੋਇਲ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਮੰਤਰੀਆਂ ਵਿੱਚ ਬਲਬੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸਿੰਘ, ਸਾਧੂ ਸਿੰਘ ਧਰਮਸੋਤ, ਵਧਾਇਕ ਅਜਾਇਬ ਸਿੰਘ ਭੱਟੀ, ਨਵਤੇਜ ਸਿੰਘ ਚੀਮਾ, ਹਾਮਿਦ ਮਸੀਹ, ਡਾਕਟਰ ਰਾਜ ਕੁਮਾਰ ਚੱਬੇਵਾਲ, ਬਲਬੀਰ ਰਾਣੀ ਸੋਢੀ, ਸੂਬਾ ਯੂਥ ਪ੍ਰਧਾਨ ਬਰਿੰਦਰ ਢਿੱਲੋਂ, ਐਨਐਸਯੂਆਈ ਪ੍ਰਧਾਨ ਅਕਸ਼ੈ ਸ਼ਰਮਾ ਤੇ ਪੰਜਾਬ ਸੇਵਾ ਦਲ ਦੇ ਚੀਫ ਆਰਗੇਨਾਈਜ਼ਰ ਨਿਰਮਲ ਕੈਰਾ ਨੂੰ ਕਮੇਟੀ ਵਿੱਚ ਲਿਆ ਗਿਆ ਹੈ।
ਇਸ ਦੇ ਨਾਲ ਹੀ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਤੇ ਕਾਰਜਕਾਰੀ ਪ੍ਰਧਾਨਾਂ ਦੀ ਵੀ ਲਿਸਟ ਜਾਰੀ ਕੀਤੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਠੀਕ ਪਹਿਲਾਂ ਬਣਾਈ ਗਈ ਇਸ ਕਮੇਟੀ ਵਿੱਚ ਹਾਈਕਮਾਂਡ ਨੇ ਸਾਰੇ ਪੈਮਾਨੇ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿੱਥੇ ਚਾਰ ਮਹੀਨੇ ਪਹਿਲਾਂ ਹਟਾਏ ਗਏ ਤਿੰਨ ਮੰਤਰੀਆਂ ਨੂੰ ਸ਼ਾਮਲ ਕਰਕੇ ਉਨ੍ਹਾਂ ਨੂੰ ਮੁੜ ਗੱਲ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਥੇ ਹੀ ਸਾਬਕਾ ਪ੍ਰਧਾਨਾਂ ਤੇ ਬਜੁਰਗ ਆਗੂਆਂ ਨੂੰ ਵੀ ਨਾਲ ਰੱਖਿਆ ਗਿਆ ਹੈ। ਇੱਕ ਤਰ੍ਹਾਂ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਪਾਸੇ ਕਮੇਟੀ ਦਾ ਐਲਾਨ ਕੀਤਾ ਗਿਆ ਹੈ ਤੇ ਦੂਜੇ ਪਾਸੇ ਸਾਬਕਾ ਪ੍ਰਧਾਨ ਤੇ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖ਼ੜ ਨੇ ਮੀਟਿੰਗ ਵੀ ਸੱਦੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਹਾਈਕਮਾਂਡ ਵੱਲੋਂ ਬਣਾਈ ਗਈ ਕੰਪੇਨ ਕਮੇਟੀ ਦੀ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ। ਇਸ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਸੁਨੀਲ ਜਾਖ਼ੜ ਕਰਨਗੇ। ਪੰਜਾਬ ਕਾਂਗਰਸ ਦੀ ਕੰਪੇਨ ਕਮੇਟੀ ਨੇ 15 ਦਸੰਬਰ ਨੂੰ ਮੀਟਿੰਗ ਬੁਲਾ ਲਈ ਗੀ। ਕਮੇਟੀ ਦੇ ਚੇਅਰਮੈਨ ਸੁਨੀਲ ਜਾਖ਼ੜ ਨੇ ਇੱਕ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਹ ਕਮੇਟੀ ਦੀ ਪਲੇਠੀ ਮੀਟਿੰਗ ਹੋਵੇਗੀ। ਮੀਟਿੰਗ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦਫਤਰ ਸੈਕਟਰ-15 ਚੰਡੀਗੜ੍ਹ ਵਿਖੇ 15 ਦਸੰਬਰ ਨੂੰ ਸਵੇਰੇ 11 ਵਜੇ ਹੋਵੇਗੀ।
ਪਿਛਲੇ ਦਿਨੀਂ ਸੁਨੀਲ ਜਾਖ਼ੜ ਨੂੰ ਹਾਈਕਮਾਂਡ ਨੇ ਦਿੱਲੀ ਸੱਦਿਆ ਸੀ ਤੇ ਉਥੇ ਇੱਕ ਮੀਟਿੰਗ ਕਰਕੇ ਸੀਨੀਅਰ ਆਗੂਆਂ ਦੀ ਇੱਕ ਕੰਪੇਨ ਕਮੇਟੀ ਬਣਾਈ ਸੀ ਤੇ ਜਾਖ਼ੜ ਨੂੰ ਇਸ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ ਸੀ। ਬਤੌਰ ਚੇਅਰਮੈਨ ਜਾਖ਼ੜ ਨੇ ਹੁਣ ਮੀਟਿੰਗ ਸੱਦ ਲਈ ਹੈ। ਕਮੇਟੀ ਵਿੱਚ ਸੀਨੀਅਰ ਆਗੂ ਅੰਬਿਕਾ ਸੋਨੀ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਸ਼ਾਮਲ ਕੀਤਾ ਗਿਆ ਸੀ।
ਸੁਨੀਲ ਜਾਖ਼ੜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਹਨ ਤੇ ਨਵਜੋਤ ਸਿੱਧੂ ਧੜੇ ਵੱਲੋਂ ਕੈਪਟਨ ਹਟਾਓ ਮੁਹਿੰਮ ਉਪਰੰਤ ਜਦੋਂ ਪਾਰਟੀ ਵੱਲੋਂ ਨਵਾਂ ਮੁੱਖ ਮੰਤਰੀ ਚੁਣਨ ਦੀ ਗੱਲ ਚੱਲੀ ਸੀ ਤਾਂ ਸਭ ਤੋਂ ਪਹਿਲਾਂ ਸੁਨੀਲ ਜਾਖ਼ੜ ਦਾ ਨਾਂ ਤੁਰਿਆ ਸੀ ਪਰ ਬਾਅਦ ਵਿੱਚ ਸੁਖਜਿੰਦਰ ਰੰਧਾਵਾ ਦਾ ਨਾਂ ਚੱਲ ਪਿਆ ਸੀ ਤੇ ਸ਼ਾਮ ਹੁੰਦਿਆਂ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਸੀਐਲਪੀ ਲੀਡਰ ਚੁਣ ਕੇ ਮੁੱਖ ਮੰਤਰੀ ਐਲਾਨ ਦਿੱਤਾ ਸੀ।
ਇਸ ਉਪਰੰਤ ਸੁਨੀਲ ਜਾਖ਼ੜ ਨਾਰਾਜ਼ ਚੱਲ ਰਹੇ ਸੀ ਤੇ ਉਨ੍ਹਾਂ ਨੇ ਕਈ ਵਾਰ ਟਵੀਟ ਰਾਹੀਂ ਆਪਣੀ ਨਰਾਜਗੀ ਜਾਹਰ ਵੀ ਕੀਤੀ ਸੀ। ਇਸੇ ਦੌਰਾਨ ਹਾਲਾਂਕਿ ਇੱਕ ਵਾਰ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਚੰਡੀਗੜ੍ਹ ਤੋਂ ਸੁਨੀਲ ਜਾਖ਼ੜ ਨੂੰ ਆਪਣੇ ਨਾਲ ਦਿੱਲੀ ਲੈ ਗਏ ਸੀ ਪਰ ਜਾਖ਼ੜ ਨੂੰ ਕੋਈ ਅਹੁਦਾ ਨਹੀਂ ਸੀ ਦਿੱਤਾ ਗਿਆ ਤੇ ਉਨ੍ਹਾਂ ਵੱਲੋਂ ਟਵੀਟ ਜਾਰੀ ਰੱਖਿਆ ਗਿਆ ਸੀ।
ਇਸ ਤੋਂ ਪਾਰਟੀ ਨੂੰ ਹਿੰਦੂ ਵੋਟ ਖਿਸਕਣ ਦਾ ਖਤਰਾ ਬਣ ਗਿਆ ਸੀ ਤੇ ਪਿਛਲੇ ਦਿਨੀਂ ਸੁਨੀਲ ਜਾਖ਼ੜ ਨੂੰ ਦਿੱਲੀ ਸੱਦਿਆ ਗਿਆ ਸੀ ਤੇ ਉਥੋਂ ਹੀ ਕੰਪੇਨ ਕਮੇਟੀ ਬਣਾ ਕੇ ਉਨ੍ਹਾਂ ਨੂੰ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ ਸੀ। ਹੁਣ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਦਫ਼ਤਰ ਵਿਖੇ ਕਮੇਟੀ ਦੀ ਮੀਟਿੰਗ ਸੱਦ ਲਈ ਹੈ।
ਇਹ ਵੀ ਪੜ੍ਹੋ:ਡਿਪਟੀ ਸੀਐੱਮ ਦੇ ਪ੍ਰੋਗਰਾਮ ’ਚ ਮਹਿਲਾ ਨੇ ਕੀਤਾ ਹੰਗਾਮਾ, ਲਗਾਏ ਇਹ ਇਲਜ਼ਾਮ