ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਵਿੱਚ ਚੱਲ ਰਹੇ ਕਲੇਸ਼ ਨੂੰ ਸੁਲਝਾਉਣ ਲਈ ਸੋਨੀਆ ਗਾਂਧੀ ਨੇ ਜਿਹੜੀ 3 ਮੈਂਬਰੀ ਕਮੇਟੀ ਬਣਾਈ ਹੈ ਉਸ ਦੀ ਅੱਜ ਪਹਿਲੀ ਬੈਠਕ ਹੈ। ਇਸ ਤਿੰਨ ਮੈਂਬਰੀ ਕਮੇਟੀ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਐਮਪੀ ਮਲਿਕਾਅਰਜੁਨ ਖੜਗੇ ਅਤੇ ਸਾਬਕਾ ਐਮਪੀ ਜੈ ਪ੍ਰਕਾਸ਼ ਅਗਰਵਾਲ ਹਨ।
ਹਾਈਕਮਾਨ ਵੱਲੋਂ ਗਠਿਤ 3 ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਦਿੱਲੀ ਪਾਰਟੀ ਦੇ ਮੁੱਖ ਦਫਤਰ ਵਿੱਚ ਹੋਵੇਗੀ। ਦਿੱਲੀ ਵਿੱਚ ਕਮੇਟੀ ਨਾਰਾਜ਼ ਚੱਲ ਰਹੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਆਪਸ ਵਿੱਚ ਬੈਠਕ ਕਰਨਗੇ। 1 ਵਜੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਐਮਪੀ ਮਲਿਕਾਅਰਜੁਨ ਖੜਗੇ ਅਤੇ ਸਾਬਕਾ ਐਮਪੀ ਜੈ ਪ੍ਰਕਾਸ਼ ਅਗਰਵਾਲ ਦੀ ਬੈਠਕ ਹੋਵੇਗੀ।
ਦਸ ਦਈਏ ਕਿ ਬਾਗੀ ਗਰੁੱਪ ਵੱਲੋਂ ਹਾਈਕਮਾਨ ਵੱਲੋਂ ਗਠਿਤ ਕਮੇਟੀ ਨੂੰ ਵੀਡੀਓ ਕਾਨਫਰੰਸ ਰਾਹੀਂ ਬੈਠਕ ਕਰਨ ਤੋਂ ਇਹ ਕਹਿ ਕੇ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਫੋਨ ਟੇਪ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਪਿਛਲੇ ਦਿਨਾਂ ਤੋਂ ਕੋਲਡ ਵਾਰ ਚੱਲ ਰਹੀ ਹੈ ਤੇ ਨਵਜੋਤ ਸਿੰਘ ਸਿੱਧੂ ਟਵੀਟਾਂ ਰਾਂਹੀ ਕੈਪਟਨ ਉੱਤੇ ਵਾਰ ਕਰ ਰਹੇ ਹਨ। ਇਸ ਮਸਲੇ ਨੂੰ ਸੁਝਾਉਣ ਲਈ ਅਤੇ ਕੈਪਟਨ ਤੋਂ ਨਾਰਾਜ਼ ਚੱਲ ਰਹੇ ਵਿਧਾਇਕ ਅਤੇ ਮੰਤਰੀਆਂ ਲਈ ਇਹ ਕਮੇਟੀ ਬਣਾਈ ਗਈ ਹੈ।